ਗੁਰਦੇਵ ਸਿੰਘ ਸਿੱਧੂ
ਪੰਜਾਬ ਵਿਚ ਵੀਹਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਇਕ ਪਾਸੇ ਅੰਗਰੇਜ਼ ਹਕੂਮਤ ਵਿਰੋਧੀ ਜ਼ੋਰਦਾਰ ਸਰਗਰਮੀਆਂ ਸਿਖਰ ਉੱਤੇ ਰਹੀਆਂ, ਦੂਜੇ ਪਾਸੇ ਇਨ੍ਹਾਂ ਸਰਗਰਮੀਆਂ ਨੂੰ ਠੱਲਣ ਵਾਸਤੇ ਅੰਗਰੇਜ਼ ਹਕੂਮਤ ਨੇ ਜਬਰ ਜ਼ੁਲਮ ਢਾਹੁਣ ਵਿਚ ਕੋਈ ਕਸਰ ਬਾਕੀ ਨਾ ਰਹਿਣ ਦਿੱਤੀ। ਇਹ ਚਾਹੇ ਗਦਰ ਲਹਿਰ ਸੀ ਜਾਂ ਰੌਲਟ ਐਕਟ ਵਿਰੋਧੀ ਅੰਦੋਲਨ, ਸਰਕਾਰ ਨੇ ਇਨ੍ਹਾਂ ਵਿਚ ਭਾਈਵਾਲ ਲੋਕਾਂ ਲਈ ਫਾਂਸੀ, ਉਮਰ ਕੈਦ ਕਾਲੇ ਪਾਣੀ ਦੀਆਂ ਸਜ਼ਾਵਾਂ ਥੋਕ ਵਿਚ ਦਿੱਤੀਆਂ। ਪਰ ਇਨ੍ਹਾਂ ਸਜ਼ਾਵਾਂ ਤੋਂ ਬੇਖ਼ੌਫ਼ ਪੰਜਾਬੀ ਦੇਸ਼ ਨੂੰ ਅੰਗਰੇਜ਼ੀ ਸਾਮਰਾਜ ਦੇ ਪੰਜੇ ਵਿਚੋਂ ਮੁਕਤ ਕਰਵਾਉਣ ਲਈ ਡਟੇ ਰਹੇ। ਅਜਿਹੇ ਮਾਹੌਲ ਵਿਚ ਨਾਮਧਾਰੀ ਸੰਪ੍ਰਦਾ, ਜਿਸ ਨੇ ਪਿਛਲੇ ਛੇ ਦਹਾਕਿਆਂ ਤੋਂ ਗ਼ੁਲਾਮੀ ਦੀ ਛੱਟ ਲਾਹੁਣ ਲਈ ਝੰਡਾ ਚੁੱਕਿਆ ਹੋਇਆ ਸੀ, ਕਿਵੇਂ ਪਿੱਛੇ ਰਹਿ ਸਕਦੀ ਸੀ? ਪੰਜਾਬ ਸਰਕਾਰ ਨੇ ਨਾਮਧਾਰੀਆਂ ਦੇ ਪ੍ਰਚਾਰ ਨੂੰ ਸੀਮਿਤ ਕਰਨ ਵਾਸਤੇ ਨਾਮਧਾਰੀ ਕੇਂਦਰ ਨੂੰ ਪੁਲੀਸ ਦੇ ਹਵਾਲੇ ਕੀਤਾ ਹੋਣ ਕਾਰਨ ਉਨ੍ਹਾਂ ਪ੍ਰਕਾਸ਼ਨ ਮਾਧਿਅਮ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਅਤੇ ਇਸ ਮਨੋਰਥ ਵਾਸਤੇ ਲਾਹੌਰ ਤੋਂ ‘ਸਤਿਜੁਗ’ ਨਾਉਂ ਦੇ ਹਫ਼ਤਾਵਾਰੀ ਅਖ਼ਬਾਰ ਦੀ ਪ੍ਰਕਾਸ਼ਨਾ ਅਰੰਭ ਕੀਤੀ। ‘ਸਤਿਜੁਗ’ ਦਾ ਪਹਿਲਾ ਅੰਕ 26 ਮਈ 1920 ਨੂੰ ਨਿਰੰਕਾਰ ਸਿੰਘ ‘ਚੇਤਨ’ ਦੀ ਸੰਪਾਦਨਾ ਹੇਠ ਨਿਕਲਿਆ ਪਰ ਇਸ ਯੋਜਨਾ ਪਿੱਛੇ ਕਾਰਜਕਾਰੀ ਸ਼ਕਤੀ ਨਾਮਧਾਰੀ ਮੁਖੀ ਦੇ ਛੋਟੇ ਭਰਾ ਮਹਾਰਾਜ ਗੁਰਦਿਆਲ ਸਿੰਘ ਜੀ ਸਨ। ਅਖ਼ਬਾਰ ਦੇ ਪਹਿਲੇ ਅੰਕ ਵਿਚ ‘ਸਤਿਜੁਗ ਅਖਬਾਰ’ ਸੁਰਖੀ ਹੇਠ ਦਿੱਤੇ ਗਏ ਵੇਰਵੇ ਅਨੁਸਾਰ ਅਖ਼ਬਾਰ ਸ਼ੁਰੂ ਕਰਨ ਪਿੱਛੇ ਮਨੋਰਥ ਬਹੁਪੱਖੀ ਸੀ, ਪਰ ਹਥਲੇ ਲੇਖ ਵਿਚ ਜਿਸ ਮਨੋਰਥ ਦੀ ਪ੍ਰਾਪਤੀ ਬਾਰੇ ਜ਼ਿਕਰ ਕੀਤਾ ਜਾਣਾ ਹੈ ਉਹ ਸੰਪਾਦਕ ਦੇ ਸ਼ਬਦਾਂ ਵਿਚ ਇਉਂ ਦੱਸਿਆ ਗਿਆ ਸੀ, ‘‘ਪੰਥ ਅਤੇ ਦੇਸ ਦੇ ਹਰ ਇਕ ਮਨੁੱਖ ਨੂੰ ਗਿਆਨੀ ਬਣਾ ਕੇ ਆਪਣੇ ਹੱਕ ਲੈਣ ਲਈ ਤਿਆਰ’’ ਕਰਨਾ।
ਅਖ਼ਬਾਰ ‘ਸਤਿਜੁਗ’ ਦੀ ਸੌ ਸਾਲ ਦੀ ਅਉਧ ਵਿਚੋਂ ਪਹਿਲੇ 27 ਸਾਲ ਅੰਗਰੇਜ਼ੀ ਗ਼ੁਲਾਮੀ ਦਾ ਸਮਾਂ ਸੀ। ‘ਸਤਿਜੁਗ’ ਨੇ ਪ੍ਰਕਾਸ਼ਮਾਨ ਹੋਣ ਦੇ ਦਿਨ ਤੋਂ ਹੀ ਨਿਡਰਤਾ ਨਾਲ ਆਪਣੇ ਸਿਆਸੀ ਮਨੋਰਥ ਦੀ ਪ੍ਰਾਪਤੀ ਲਈ ਪ੍ਰਚਾਰ ਕੀਤਾ। ਨਾਮਧਾਰੀ ਪੰਥ ਪਿਛਲੇ ਛੇ ਦਹਾਕਿਆਂ ਤੋਂ ਸਰਕਾਰੀ ਡਾਕ ਪ੍ਰਬੰਧ, ਸਰਕਾਰੀ ਅਦਾਲਤਾਂ, ਵਲੈਤੀ ਕੱਪੜੇ ਦਾ ਵਹਿਸ਼ਕਾਰ ਕਰ ਕੇ ਅੰਗਰੇਜ਼ ਸਰਕਾਰ ਨਾਲ ਨਾ-ਮਿਲਵਰਤਨ ਦੀ ਨੀਤੀ ਉੱਤੇ ਚੱਲ ਰਿਹਾ ਸੀ, ਇਸ ਲਈ ਅਖ਼ਬਾਰ ਵਿਚ ਪਾਠਕਾਂ ਨੂੰ ਇਸ ਬਾਰੇ ਸੁਨੇਹਾ ਦੇਣਾ ਜਾਰੀ ਰਿਹਾ। ਇਹ ਸੁਨੇਹਾ ਅਕਸਰ ਕਵਿਤਾ ਦਾ ਵਿਸ਼ਾ ਬਣਾ ਕੇ ਦਿੱਤਾ ਜਾਂਦਾ ਸੀ। 29 ਸਤੰਬਰ 1920 ਦੇ ਅੰਕ ਵਿਚ ਨਿਰੰਕਾਰ ਸਿੰਘ ‘ਚੇਤਨ’ ਦੀ ਲਿਖੀ ਕਵਿਤਾ ‘‘ਬੰਦ ਕਰੋ ਸਰਕਾਰ ਦੇ ਨਾਲ ਵਰਤਣ’’ ਅਤੇ 8 ਦਸੰਬਰ 1920 ਵਾਲੇ ਅੰਕ ਵਿਚ ਨਿਧਾਨ ਸਿੰਘ ‘ਆਲਮ’ ਦੀ ਕਵਿਤਾ ‘‘ਹੁਣ ਛੱਡ ਦਿਓ ਭਾਈਚਾਰਾ ਨੌਕਰਸ਼ਾਹੀ ਦਾ’’ ਇਸ ਦੀ ਉਦਾਹਰਨ ਹਨ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦ ਅਜੇ ਮਹਾਤਮਾ ਗਾਂਧੀ ਨੇ ਸਰਕਾਰ ਨਾਲ ਨਾ-ਮਿਲਵਰਤਨ ਦਾ ਸੱਦਾ ਨਹੀਂ ਸੀ ਦਿੱਤਾ। ਸਰਕਾਰ ਲਈ ਅਜਿਹਾ ਪ੍ਰਚਾਰ ਅਸਹਿਣਯੋਗ ਸੀ। ਇਸ ਲਈ ਸਰਕਾਰ ਨੇ ਪਿਛਲੀ ਕਵਿਤਾ ਨੂੰ ਇਤਰਾਜ਼ਯੋਗ ਐਲਾਨਿਆ ਅਤੇ ਡਿਪਟੀ ਕਮਿਸ਼ਨਰ, ਲਾਹੌਰ ਵੱਲੋਂ ਅਖ਼ਬਾਰ ਦੀ ਪ੍ਰਕਾਸ਼ਨਾ ਦੇ ਜ਼ਿੰਮੇਵਾਰ ਸਾਰੇ ਵਿਅਕਤੀਆਂ ਨੂੰ ਭਵਿੱਖ ਵਿਚ ਅਜਿਹੀ ਕਵਿਤਾ ਨਾ ਛਾਪਣ ਬਾਰੇ ਸੁਚੇਤ ਰਹਿਣ ਦੀ ਤਾੜਨਾ ਕੀਤੀ ਗਈ। 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਹੋਇਆ; ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਉੱਤੇ ਕਾਬਜ਼ ਮਹੰਤ ਨਰਾਇਣ ਦਾਸ ਵੱਲੋਂ ਕੀਤੇ ਇਸ ਅਣਮਨੁੱਖੀ ਕਾਰੇ ਨੇ ਸਿੱਖ ਜਗਤ ਦੇ ਹਿਰਦੇ ਵਲੂੰਧਰ ਦਿੱਤੇ। ਜਿੱਥੇ ਸ਼ਹੀਦ ਹੋਣ ਵਾਲੇ ਜਥੇ ਵਿਚ ਵੀ 15 ਨਾਮਧਾਰੀ ਸ਼ਾਮਲ ਸਨ, ਉੱਥੇ ‘ਸਤਿਜੁਗ’ ਨੇ ਸਿੱਖ ਜਗਤ ਵਿਚ ਇਸ ਦਰਿੰਦਗੀਪੂਰਨ ਘਟਨਾ ਖ਼ਿਲਾਫ਼ ਉਪਜੇ ਲੋਕ ਰੋਹ ਨੂੰ ਪ੍ਰਗਟਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਅਖ਼ਬਾਰ ਨੇ 23 ਫਰਵਰੀ ਦੇ ਅੰਕ ਵਿਚ ਇਸ ਸਾਕੇ ਸੰਬੰਧੀ ਵਿਤਤ੍ਰਿਤ ਖ਼ਬਰ ‘ਨਨਕਾਣਾ ਸਾਹਿਬ ਦੀ ਘਟਨਾ, 195 ਆਦਮੀ ਮਾਰੇ ਗਏ, 5 ਸਹਿਕਦੇ ਬਚੇ’ ਸੁਰਖੀ ਹੇਠ ਪ੍ਰਕਾਸ਼ਿਤ ਕੀਤੀ ਅਤੇ ਭਾਈ ਧਿਆਨ ਸਿੰਘ ਦੀ ਧਰਮਸਾਲਾ ਵਿਚ ਨਾਮਧਾਰੀ ਇਕੱਤਰਤਾ ਦੌਰਾਨ ਹੋਏ ਫ਼ੈਸਲੇ ਅਨੁਸਾਰ 25 ਫਰਵਰੀ ਨੂੰ ਨਨਕਾਣਾ ਸਾਹਿਬ ਪਹੁੰਚਣ ਦੀ ਜਾਣਕਾਰੀ ਦਿੱਤੀ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅਖ਼ਬਾਰ ਦੇ 2 ਮਾਰਚ 1921 ਦੇ ਅੰਕ ਵਿਚ ‘ਸਤਿਜੁਗ’ ਵੱਲੋਂ ‘ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਸੇਵਾ ਵਿਚ ਭੇਟਾ’ ਇਕ ਕਵਿਤਾ ਪ੍ਰਕਾਸ਼ਿਤ ਕੀਤੀ ਗਈ। ਨਿਧਾਨ ਸਿੰਘ ‘ਆਲਮ’ ਰਚਿਤ ਇਸ ਕਵਿਤਾ ਦੀ ਸੁਰਖੀ ਸੀ, ‘‘ਸੋਹਣੇ ਸੀਸ ਕੀਤੇ ਬਲੀਦਾਨ ਜਿਨ੍ਹਾਂ।’’ ਪੰਜਾਬ ਵਿਚ 1920 ਤੋਂ ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰਨ ਵਾਸਤੇ ਅਕਾਲੀ ਲਹਿਰ ਸ਼ੁਰੂ ਹੋਈ ਜੋ ਪੰਜਾਬ ਸਰਕਾਰ ਵੱਲੋਂ 1925 ਵਿਚ ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਨੁਮਾਇੰਦਿਆਂ ਦੇ ਹੱਥ ਦੇਣ ਲਈ ਗੁਰਦੁਆਰਾ ਐਕਟ ਬਣਾਏ ਜਾਣ ਤੱਕ ਜਾਰੀ ਰਹੀ। ‘ਸਤਿਜੁਗ’ ਅਖ਼ਬਾਰ ਨੇ ਅਕਾਲੀ ਲਹਿਰ ਨੂੰ ਮਘਾਈ ਰੱਖਣ ਵਿਚ ਨਿੱਗਰ ਯੋਗਦਾਨ ਪਾਇਆ। ਅਕਾਲੀਆਂ ਵੱਲੋਂ 1922 ਵਿਚ ਲਾਇਆ ਗੁਰੂ ਕੇ ਬਾਗ ਦਾ ਮੋਰਚਾ ਅਤੇ 1923-24 ਵਿਚ ਚੱਲਿਆ ਜੈਤੋ ਦਾ ਮੋਰਚਾ ਇਸ ਲਹਿਰ ਦੀਆਂ ਪ੍ਰਮੁੱਖ ਘਟਨਾਵਾਂ ਹਨ। ਇਨ੍ਹਾਂ ਮੋਰਚਿਆਂ ਦੌਰਾਨ ਵਾਪਰੀਆਂ ਘਟਨਾਵਾਂ ਨੂੰ ‘ਸਤਿਜੁਗ’ ਨੇ ਨਿਰਸੰਕੋਚ ਆਪਣੇ ਕਾਲਮਾਂ ਵਿਚ ਥਾਂ ਦਿੱਤੀ। ਇਸ ਦਹਾਕੇ ਦੇ ਅੰਤ ਵਿਚ ‘ਲਾਹੌਰ ਸਾਜ਼ਿਸ਼ ਮੁਕੱਦਮਾ’ ਆਜ਼ਾਦੀ ਦੀ ਲੜਾਈ ਦਾ ਮਹੱਤਵਪੂਰਨ ਪੜਾਅ ਬਣ ਕੇ ਉੱਭਰਿਆ। ਅੰਗਰੇਜ਼ ਸਰਕਾਰ ਵੱਲੋਂ ਇਸ ਮੁਕੱਦਮੇ ਦੀ ਕਾਰਵਾਈ ਨੂੰ ਨਸ਼ਰ ਹੋਣ ਤੋਂ ਰੋਕਣ ਦੀ ਨੀਤੀ ਤੋਂ ਬੇਖ਼ੌਫ਼ ਹੋ ਕੇ ਜਿਹੜੇ ਅਖ਼ਬਾਰਾਂ ਰਸਾਲਿਆਂ ਨੇ ਇਸ ਮੁਕੱਦਮੇ ਬਾਰੇ ਪਾਠਕਾਂ ਨੂੰ ਲਗਾਤਾਰ ਜਾਣਕਾਰੀ ਦਿੱਤੀ ਉਨ੍ਹਾਂ ਵਿਚ ‘ਸਤਿਜੁਗ’ ਦਾ ਨਾਉਂ ਵੀ ਸ਼ਾਮਲ ਹੈ। ਨਾਮਧਾਰੀ ਪੰਥ ਦੀ ਨੀਤੀ ਅਨੁਸਾਰ ਗਾਂਧੀ ਜੀ ਨੂੰ ‘ਸਤਿਜੁਗ’ ਦੀ ਪੂਰਨ ਹਮਾਇਤ ਹਾਸਲ ਸੀ। ਇੱਥੋਂ ਤੱਕ ਕਿ ਜਦ 1929 ਵਿਚ ਲਾਹੌਰ ਵਿਚ ਹੋਣ ਵਾਲੇ ਕਾਂਗਰਸ ਸੈਸ਼ਨ ਦਾ ਸਿੱਖਾਂ ਦੇ ਇਕ ਵਰਗ ਵੱਲੋਂ ਵਿਰੋਧ ਕੀਤਾ ਗਿਆ ਤਾਂ ‘ਸਤਿਜੁਗ’ ਨੇ ਖੁੱਲ੍ਹ ਕੇ ਕਾਂਗਰਸ ਅਧਿਵੇਸ਼ਨ ਦੀ ਸਫ਼ਲਤਾ ਲਈ ਕੰਮ ਕੀਤਾ, ਪਰ ਜਦ ਗਾਂਧੀ-ਇਰਵਿਨ ਸਮਝੌਤੇ ਵਿਚ ਕ੍ਰਾਂਤੀਕਾਰੀ ਨੌਜਵਾਨਾਂ ਦੇ ਬਚਾਉ ਨੂੰ ਉੱਕਾ ਹੀ ਅਣਡਿੱਠ ਕਰ ਦਿੱਤਾ ਗਿਆ ਤਾਂ ‘ਸਤਿਜੁਗ’ ਨੇ ਇਸ ਸਮਝੌਤੇ ਦੀ ਆਲੋਚਨਾ ਕਰਨ ਵਿਚ ਵੀ ਕੋਈ ਕਸਰ ਬਾਕੀ ਨਾ ਛੱਡੀ। ‘ਸਤਿਜੁਗ’ ਦੇ 18 ਮਾਰਚ 1931 ਦੇ ਅੰਕ ਵਿਚ ਲਿਖਿਆ, ‘‘ਜਿਤਨਾ ਚਿਰ ਸਾਰੇ ਬੰਬਬਾਜ ਅਤੇ ਪਸਤੌਲਬਾਜ ਨਹੀਂ ਛੱਡੇ ਜਾਂਦੇ ਸੱਚੇ ਅਰਥਾਂ ਵਿਚ ਸੁਲ੍ਹਾ ਹੋਣੀ ਅਸੰਭਵ ਹੈ ਕਿਉਂਕਿ ਭਾਰਤੀ ਗਭਰੂਆਂ ਦੀ ਬਹੁਸੰਮਤੀ ਓਨ੍ਹਾਂ ਨਾਲ ਹੀ ਹੈ ਜਿਨ੍ਹਾਂ ਨੇ ਦੇਸ ਦੀ ਆਜ਼ਾਦੀ ਦਾ ਸਾਧਨ ਕ੍ਰਾਂਤੀਕਾਰੀ ਢੰਗ ਵਰਤਿਆ ਹੈ।’’ ਸ. ਭਗਤ ਸਿੰਘ ਦੇ ਹਵਾਲੇ ਨਾਲ ਬਿਲਕੁਲ ਸਪਸ਼ਟ ਲਿਖਿਆ ਗਿਆ, ‘‘ਸਾਡੇ ਵਿਚਾਰ ਵਿਚ ਤਾਂ ਇਕ ਭਾਰਤ ਕੀ ਲਖਾਂ ਭਾਰਤ ਸ. ਭਗਤ ਸਿੰਘ ਜੀ ਦੇ ਸਿਰ ਤੋਂ ਕੁਰਬਾਨ ਕਰ ਕੇ ਵੀ ਜੇ ਆਪ ਨੂੰ ਮੌਤ ਦੇ ਪੰਜੇ ਵਿਚੋਂ ਛੁਡਾ ਲਿਆ ਜਾਵੇ ਤਾਂ ਵੀ ਥੋੜ੍ਹਾ ਹੈ। ਸੁਰਾਜ ਮਿਲੇ ਜਾਂ ਨਾ ਮਿਲੇ ਬਸ ਸਾਨੂੰ ਭਗਤ ਸਿੰਘ ਜ਼ਰੂਰ ਮਿਲ ਜਾਵੇ। ਫਿਰ ਸੁਰਾਜ ਆਪੇ ਹੀ ਪ੍ਰਾਪਤ ਹੋ ਜਾਵੇਗਾ।’’ ‘ਸਤਿਜੁਗ’ ਨੇ ਸ਼ਹੀਦੀ ਤੋਂ ਕੁਝ ਦਿਨ ਪਹਿਲਾਂ ਸ. ਭਗਤ ਸਿੰਘ ਵੱਲੋਂ ਗਵਰਨਰ ਪੰਜਾਬ ਨੂੰ ਸੰਬੋਧਿਤ ਪੱਤਰ ਦੇ ਕੁਝ ਅੰਸ਼ ਛਾਪੇ। ਸੁਰਖੀ ਸੀ: ‘‘ਯਾ ਤਾਂ ਸਾਨੂੰ ਛੱਡ ਦਿੱਤਾ ਜਾਇ ਯਾ ਗੋਲੀ ਨਾਲ ਉਡਾ ਦਿਤਾ ਜਾਇ’’, ‘‘ਅਸੀਂ ਜੰਗ ਦੇ ਕੈਦੀ ਹਾਂ ਫਾਂਸੀ ਪਰ ਚੜ੍ਹਾਨਾ ਸਾਡਾ ਅਪਮਾਨ ਹੈ।’’ ਜਦ ਸਰਕਾਰ ਨੇ ਲੋਕ ਭਾਵਨਾਵਾਂ ਨੂੰ ਅਣਡਿੱਠ ਕਰਦਿਆਂ ਆਪਹੁਦਰੀ ਸੋਚ ਕਾਰਨ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਅਮਲ ਵਿਚ ਲਿਆ ਦਿੱਤੀ ਤਾਂ ‘ਸਤਿਜੁਗ’ ਨੇ ਆਪਣੇ ਆਪ ਨੂੰ ਇਨਸਾਫ਼ਪਸੰਦ ਦਰਸਾਉਣ ਵਾਲੀ ਅੰਗਰੇਜ਼ ਸਰਕਾਰ ਨੂੰ ਸ਼ੀਸ਼ਾ ਵਿਖਾਉਂਦਿਆਂ ਲਿਖਿਆ, ‘‘ਇਕ ਪਾਸੇ ਸੁਲ੍ਹਾ ਦੇ ਐਲਾਨ, ਦੂਜੇ ਪਾਸੇ ਆਜ਼ਾਦੀ ਦੇ ਜਰਨੈਲ ਫਾਂਸੀਆਂ ਦੇ ਤਖਤੇ ਤੇ; ਵਾਹਵਾ! ਦੁਨੀਆ ਦਾ ਇਤਿਹਾਸ ਫੋਲ ਦੇਖੋ, ਤਾਰੀਖਾਂ ਦੇ ਪੰਨੇ ਪਲਟ ਦੇਖੋ, ਕਿਤੇ ਵੀ ਆਪ ਨੂੰ ਇਸ ਸਭਿਆ ਕਹਾਣ ਵਾਲੀ ਨੌਕਰਸ਼ਾਹੀ ਦੇ ਜ਼ੁਲਮਾਂ ਦੀ ਮਿਸਾਲ ਭਾਲਿਆਂ ਵੀ ਨਹੀਂ ਲੱਭੇਗੀ।’’ ‘ਸਤਿਜੁਗ’ ਨੇ ਸ. ਭਗਤ ਸਿੰਘ ਦੇ ਵਾਰਸ ਨੌਜਵਾਨਾਂ ਨੂੰ ਵੰਗਾਰਦਿਆਂ ਲਿਖਿਆ, ‘‘ਜੇ ਭਾਰਤੀ ਗਭਰੂਆਂ ਅੰਦਰ ਕੁੱਝ ਅਣਖ ਦਾ ਮਾਦਾ ਹੋਯਾ, ਕੁਝ ਗੈਰਤ ਦੀ ਕਣੀ ਬਾਕੀ ਹੋਈ ਤਾਂ ਉਹ ਕ੍ਰਾਚੀ ਕਾਂਗ੍ਰੈਸ ਵਿਚ ਇਸ ਸੁਲ੍ਹਾ ਨੂੰ ਜੁੱਤੀ ਦੀ ਨੋਕ ਨਾਲ ਠੁਕਰਾ ਕੇ, … ਮੁੜ ਸ਼ਾਂਤਮਈ ਰਣ ਮੰਡ ਕੇ ਨੌਕਰਸ਼ਾਹੀ ਨੂੰ ਓਸਦੀ ਇਸ ਨੀਚਤਾ ਭਰੀ ਕਰਤੂਤ ਦਾ ਬਦਲਾ ਚੁਕਾ ਦੇਣਗੇ।’’ ‘ਸਤਿਜੁਗ’ ਦਾ 1 ਅਪਰੈਲ 1931 ਦਾ ਅੰਕ ਤਾਂ ਇਕ ਤਰ੍ਹਾਂ ‘ਸ਼ਹੀਦ ਭਗਤ ਸਿੰਘ ਅੰਕ’ ਹੀ ਹੋ ਨਬਿੜਿਆ। ਇਸ ਅੰਕ ਦੇ ਪਹਿਲੇ ਪੰਨੇ ਉੱਤੇ ਸੰਤ ਜੱਸਾ ਸਿੰਘ ‘ਸੂਫੀ’ ਦੀ ਰਚਨਾ ‘ਖਾਤਿਰ ਦੇਸ ਦੀ ਹਿੰਦ ਦੁਲਾਰਿਆਂ ਨੇ’ ਛਾਪੀ ਗਈ। ਇਸ ਕਵਿਤਾ ਦੀਆਂ ਦੋ ਸਤਰਾਂ ਇਉਂ ਸਨ:
ਮਰੇ ਨਹੀਂ ਉਹ ਤਾਂ ਜਿੰਦਾ ਹੈਨ ਹਰਦਮ,
ਮਰਕੇ ਜੀਵਨਾ ਦੱਸਿਆ ਪਿਆਰਿਆਂ ਨੇ।
ਤਾਂਹੀਏਂ ਧਰਤ ਅਸਮਾਨ ਗੁੰਜਾ ਦਿੱਤੇ,
ਜ਼ਿੰਦਾਬਾਦ ਦੇ ਮਾਤਮੀ ਨਾਅਰਿਆਂ ਨੇ।
ਇਸ ਅੰਕ ਦੀ ਸੰਪਾਦਕੀ ‘ਸ. ਭਗਤ ਸਿੰਘ ਜੀ ਜ਼ਿੰਦਾਬਾਦ, ਨੌਕਰਸ਼ਾਹੀ ਮੁਰਦਾਬਾਦ’ ਤੋਂ ਬਿਨਾਂ ‘ਸ੍ਰਦਾਰ ਭਗਤ ਸਿੰਘ ਆਦਿ ਫਾਂਸੀ ਦਿੱਤੇ ਗਏ’, ‘ਸਾਰੇ ਦੇਸ਼ ਵਿਚ ਫਾਂਸੀ ਦੇ ਵਿਰੋਧ ਵਿਚ ਹੜਤਾਲ ਅਤੇ ਸ਼ੋਕ ਸਭਾਵਾਂ’, ‘ਸ਼ਹੀਦਾਂ ਦੀ ਚਿਤਾ ਪਰ ਮੇਲਾ, ਦੀਵਾ ਬੀ ਜਾਲਿਆ ਜਾਂਦਾ ਹੈ’, ‘ਨੌਕਰਸ਼ਾਹੀ ਮਾਂਹ ਦੇ ਆਟੇ ਵਾਂਗ ਆਕੜੀ ਰਹੀ’ ਆਦਿ ਸੁਰਖੀਆਂ ਹੇਠ ਇਸ ਵਿਸ਼ੇ ਨਾਲ ਸੰਬੰਧਿਤ ਸਮਗਰੀ ਪ੍ਰਕਾਸ਼ਿਤ ਕੀਤੀ ਗਈ। ਅਗਲੇ ਅੰਕਾਂ ਵਿਚ ਵੀ ਪਾਠਕਾਂ ਨੂੰ ‘ਸ. ਭਗਤ ਸਿੰਘ ਦਾ ਸਰਕਾਰੀ ਮ੍ਰਿਤਕ ਸੰਸਕਾਰ’, ‘ਭਗਤ ਸਿੰਘ ਦੇ ਫੁੱਲ ਬੰਬਈ ਵਿਚ’, ‘ਸ. ਭਗਤ ਸਿੰਘ ਦੀ ਤਸਵੀਰ ਕਿ ਹਊਆ?’ ਆਦਿ ਸੁਰਖੀਆਂ ਹੇਠ ਜਾਣਕਾਰੀ ਦਿੱਤੀ ਜਾਂਦੀ ਰਹੀ।
ਵੀਹਵੀਂ ਸਦੀ ਦੇ ਚੌਥੇ ਦਹਾਕੇ ਦੌਰਾਨ ਕੁਝ ਪੁਰਾਣੇ ਗਦਰੀਆਂ ਅਤੇ ਸੋਵੀਅਤ ਸੰਘ ਤੋਂ ਸਮਾਜਵਾਦ ਦੀ ਸਿੱਖਿਆ ਲੈ ਕੇ ਦੇਸ਼ ਪਰਤੇ ਕੁਝ ਦੇਸ਼ਭਗਤਾਂ ਦੀ ਅਗਵਾਈ ਵਿਚ ਕਿਰਤੀ-ਕਿਸਾਨ ਲਹਿਰ ਦਾ ਬੋਲਬਾਲਾ ਸ਼ੁਰੂ ਹੋਇਆ। ‘ਸਤਿਜੁਗ’ ਨੇ ਇਸ ਲਹਿਰ ਦੀ ਸਫ਼ਲਤਾ ਨੂੰ ਆਪਣੇ ਮਨੋਰਥ ਦੀ ਪ੍ਰਾਪਤੀ ਨਾਲ ਜੋੜ ਕੇ ਵੇਖਿਆ ਅਤੇ ਪੂਰੇ ਟਿੱਲ ਨਾਲ ਇਸ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕੀਤਾ। ਪੰਜਾਬ ਵਿਚ ਯੂਨੀਅਨਿਸਟ ਪਾਰਟੀ ਦੀ ਸਰਕਾਰ ਬਣੀ ਤਾਂ ਜਨਤਾ ਨੂੰ ਆਸ ਸੀ ਕਿ ਕਿਸਾਨੀ ਹਿਤਾਂ ਦੀ ਰਾਖੀ ਕਰਨ ਦੇ ਭਰੋਸੇ ਉੱਤੇ ਵੋਟਾਂ ਲੈ ਕੇ ਗੱਦੀ ਉੱਤੇ ਬੈਠੇ ਹਾਕਮ ਆਪਣੇ ਵਾਅਦਿਆਂ ਦੀ ਪੂਰਤੀ ਕਰਨਗੇ ਪਰ ਹੋਇਆ ਇਸ ਤੋਂ ਉਲਟ। ਸਰਕਾਰ ਨੇ ਲਾਹੌਰ ਦੇ ਇਲਾਕੇ ਵਿਚ ਨਹਿਰੀ ਪਾਣੀ ਦੀ ਉਪਲਬਧੀ ਕਾਰਨ ਪੈਦਾਵਾਰ ਵਿਚ ਹੋਣ ਵਾਲੇ ਵਾਧੇ ਨੂੰ ਆਧਾਰ ਬਣਾਉਂਦਿਆਂ ਜ਼ਮੀਨ ਮਾਲੀਏ ਵਿਚ ਚੋਖਾ ਵਾਧਾ ਕਰ ਦਿੱਤਾ। ਕਿਸਾਨ ਸਭਾ ਨੇ ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਕਿਸਾਨਾਂ ਨੂੰ ਜਥੇਬੰਦ ਕਰ ਕੇ 1939 ਵਿਚ ਮੋਰਚਾ ਲਾਇਆ ਜਿਸ ਨੂੰ ਲਾਹੌਰ ਦਾ ਕਿਸਾਨ ਮੋਰਚਾ ਕਿਹਾ ਜਾਂਦਾ ਹੈ। ਮੋਰਚਾ ਲੰਮਾ ਪੈ ਗਿਆ ਤਾਂ ਸਰਕਾਰ ਨੇ ਇਸ ਨੂੰ ਢਾਹ ਲਾਉਣ ਵਾਸਤੇ ਕਦੇ ਇਸ ਨੂੰ ਵੱਡੇ ਜ਼ਿਮੀਦਾਰਾਂ ਦਾ ਅੰਦੋਲਨ ਆਖ ਕੇ ਅੰਦੋਲਨਕਾਰੀਆਂ ਵਿਚ ਫੁੱਟ ਪਾਉਣੀ ਚਾਹੀ ਅਤੇ ਕਦੇ ਵਾਢੀ ਕਾਰਨ ਕਿਸਾਨਾਂ ਵੱਲੋਂ ਮੋਰਚੇ ਨੂੰ ਪਿੱਠ ਦੇਣ ਦੀ ਅਫਵਾਹ ਫੈਲਾਈ। ‘ਸਤਿਜੁਗ’ ਨੇ ਬੜੀ ਦ੍ਰਿੜਤਾ ਨਾਲ ਪਾਠਕਾਂ ਨੂੰ ਸਰਕਾਰ ਦੀ ਅਜਿਹੀ ਚਾਲ ਵਿਚ ਫਸਣ ਤੋਂ ਬਚਣ ਵਾਸਤੇ ਪ੍ਰਚਾਰ ਕੀਤਾ। 15 ਜੂਨ 1939 ਦੇ ਅੰਕ ਵਿਚ ਲਿਖਿਆ, ‘‘ਲਾਹੌਰ ਦਾ ਕਿਸਾਨ ਸਤਯਗ੍ਰਹ ਮੋਰਚਾ ਓਸੇ ਸ਼ਾਨ ਨਾਲ ਚੱਲ ਰਿਹਾ ਹੈ। ਵਾਢੀਆਂ ਦੇ ਹੁੰਦਿਆਂ ਭੀ ਕਿਸਾਨ ਧੜਾ ਧੜ ਗਿਰਫਤਾਰ ਹੋ ਰਹੇ ਹਨ। ਦੂਸਰੇ ਜ਼ਿਲਿਆਂ ਤੋਂ ਭੀ ਚਲੇ ਆ ਰਹੇ ਹਨ। … ਪੰਜਾਬ ਦੇ ਕਿਸਾਨਾਂ ਨੇ ਲਾਹੌਰ ਦੇ ਮੋਰਚੇ ਉਤੇ ਸਿਰ ਧੜ ਦੀ ਬਾਜੀ ਲਾ ਦਿੱਤੀ ਹੈ।’’ ‘ਸਤਿਜੁਗ’ ਵਿਚ ਲਾਹੌਰ ਕਿਸਾਨ ਮੋਰਚੇ ਦੇ ਵੇਰਵੇ ਹੈਰਾਨੀ ਦੀ ਹੱਦ ਤੱਕ ਵਰਤਮਾਨ ਦਿੱਲੀ ਮੋਰਚੇ ਨਾਲ ਮੇਲ ਖਾਂਦੇ ਹਨ। ਜਾਪਦਾ ਹੈ, ਸਰਕਾਰਾਂ ਕੋਲ ਅਜਿਹੇ ਲੋਕ ਅੰਦੋਲਨਾਂ ਨਾਲ ਨਜਿੱਠਣ ਦੇ ‘ਪੱਕੇ’ ਨੁਸਖੇ ਹਨ ਜਿਨ੍ਹਾਂ ਨੂੰ ਉਦੋਂ ਦੀ ਯੂਨੀਅਨਿਸਟ ਸਰਕਾਰ ਨੇ ਵਰਤਿਆ ਅਤੇ ਹੁਣ ਭਾਜਪਾ ਸਰਕਾਰ ਵਰਤ ਰਹੀ ਹੈ। ‘ਸਤਿਜੁਗ’ ਦੇ ਇਸੇ ਅੰਕ ਵਿਚ ਲਿਖਿਆ ਹੈ, ‘‘ਇਸ ਮੋਰਚੇ ਨੂੰ ਅਸਫਲ ਬਨਾਣ ਲਈ ਹੁਣ ਹਕੂਮਤ ਭੀ ਪ੍ਰਾਪੇਗੰਡੇ ਤੋਂ ਕੰਮ ਲੈਣ ਲੱਗ ਪਈ ਹੈ। … ਹਕੂਮਤ ਦੀ ਤਰਫੋਂ ਕਿਹਾ ਗਿਆ ਹੈ ਕਿ ਇਸ ਮੋਰਚੇ ਲਈ ਕੋਈ ਖਾਸ ਸ਼ਿਕੈਤ ਤਾਂ ਹੈ ਨਹੀਂ ਸਿਰਫ ਹਕੂਮਤ ਵਿਰੁੱਧ ਰੌਲਾ ਪਾਉਣ ਵਾਸਤੇ ਇਹ ਮੋਰਚਾ ਜਾਰੀ ਰੱਖਿਆ ਹੈ।’’ ਤਤਕਾਲੀਨ ਸਰਕਾਰ ਵਾਂਗ ਹੁਣ ਵੀ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਸਿਆਸੀ ਲੋਕਾਂ ਦੇ ਸ਼ਬਦ ਜਾਲ ਵਿਚ ਫਸ ਕੇ ਮੋਰਚਾ ਚਲਾ ਰਹੇ ਹਨ। ਇਸ ਦੋਸ਼ ਦਾ ‘ਸਤਿਜੁਗ’ ਵੱਲੋਂ ਦਿੱਤਾ ਉੱਤਰ ਜੋ ਵਰਤਮਾਨ ਪ੍ਰਸੰਗ ਵਿਚ ਵੀ ਢੁੱਕਵਾਂ ਹੈ, ਇਉਂ ਸੀ, ‘‘ਕਿਸੇ ਨੇ ਬਹਕਾਯਾ ਵੀ ਹੋਵੇ ਤਦ ਭੀ ਏਹ ਤਾਂ ਮੰਨਣਾ ਹੀ ਪਵੇਗਾ ਕਿ ਜੋ ਕਿਸਾਨ ਆਪਣੀਆਂ ਜਾਨਾਂ ਹਥੇਲੀ ਉਤੇ ਰੱਖ ਕੇ ਇਸ ਮੋਰਚੇ ਵਿਚ ਕੁਰਬਾਨੀਆਂ ਕਰ ਰਹੇ ਹਨ ਓਹ ਸਾਰੇ ਹੀ ਸਰਕਾਰੀ ਐਲਾਨ ਅਨੁਸਾਰ ਕਮਲੇ ਅਤੇ ਲਾਈਲੱਗ ਨਹੀਂ। ਮੰਨ ਲਓ ਕਿਸਾਨ ਭੋਲੇ ਹੀ ਹਨ ਪਰ ਓਹਨਾਂ ਲੋਕਾਂ ਦੇ ਪਿੱਛੇ ਕਿਉਂ ਲਗ ਗਏ ਜਿਨ੍ਹਾਂ ਤੋਂ ਕਿਸੇ ਮਾਲੀ ਲਾਭ ਦੀ ਆਸ ਨਹੀਂ ਹੋ ਸਕਦੀ। ਅਤੇ ਹਕੂਮਤ ਦੇ ਲਾਈਲਗ ਕਿਉਂ ਨਾ ਬਣ ਗਏ ਜਿਸ ਦੇ ਹੱਥ ਵਿਚ ਸਾਰੇ ਅਖਤਿਆਰ ਹਨ?’’
ਪੰਜਾਬ ਵਿਚ ਸੁਤੰਤਰਤਾ ਅੰਦੋਲਨ ਦੌਰਾਨ ਵਾਪਰੀਆਂ ਮਹੱਤਵਪੂਰਨ ਘਟਨਾਵਾਂ ਨੂੰ ਸੰਭਾਲਣ ਦੇ ਨਾਲ ‘ਸਤਿਜੁਗ’ ਨੇ ਸਤੰਬਰ 1927 ਵਿਚ ਅੰਮ੍ਰਿਤਸਰ ਵਿਚ ਊਧਮ ਸਿੰਘ ਦੀ ਗ੍ਰਿਫ਼ਤਾਰੀ, ਅਪਰੈਲ 1937 ਵਿਚ ਸੁਭਾਸ਼ ਚੰਦਰ ਬੋਸ ਦੇ ਲਾਹੌਰ ਆਗਮਨ ਸਮੇਂ ਸਵਾਗਤ, ਸਤੰਬਰ 1937 ਵਿਚ ਲਾਲਾ ਹਰਦਿਆਲ ਦੀ ਦੇਸ਼ ਵਾਪਸੀ ਦੇ ਯਤਨ ਆਦਿ ਕੁਝ ਅਜਿਹੀਆਂ ਇਤਿਹਾਸਕ ਘਟਨਾਵਾਂ ਨੂੰ ਵੀ ਸੰਭਾਲਿਆ ਹੈ ਜਿਨ੍ਹਾਂ ਬਾਰੇ ਘੱਟ ਹੀ ਲਿਖਿਆ ਮਿਲਦਾ ਹੈ।
‘ਸਤਿਜੁਗ’ ਦੇ ਪਹਿਲੇ ਅੰਕ ਵਿਚ ਅਖ਼ਬਾਰ ਸ਼ੁਰੂ ਕਰਨ ਪਿਛਲੇ ਮਨੋਰਥ ਦੱਸਦਿਆਂ ਸੰਪਾਦਕ ਨੇ ਲਿਖਿਆ ਸੀ ਕਿ ਅਖ਼ਬਾਰ ‘‘ਸਰਕਾਰੀ ਹਾਕਮਾਂ ਨੂੰ ਅਯੋਗ ਕੰਮਾਂ ਤੋਂ ਟੋਕੇਗਾ ਅਤੇ ਬੇਅਦਲੀ ਨੂੰ ਰੋਕਣ ਦਾ ਸਿਰੋਂ ਪਰੇ ਜਤਨ ਕਰੇਗਾ।’’ ‘ਸਤਿਜੁਗ’ ਵੱਲੋਂ ਦੇਸ਼ ਦੀ ਆਜ਼ਾਦੀ ਲਈ ਚੱਲ ਰਹੇ ਸੰਘਰਸ਼ ਵਿਚ ਪਾਏ ਯੋਗਦਾਨ ਬਾਰੇ ਉਪਰੋਕਤ ਵੇਰਵੇ ਪੜ੍ਹ ਕੇ ਹਰ ਪਾਠਕ ਸਹਿਮਤ ਹੋਵੇਗਾ ਕਿ ‘ਸਤਿਜੁਗ’ ਨੇ ਆਪਣੇ ਕਥਨ ਉੱਤੇ ਸੌ ਫ਼ੀਸਦੀ ਪਹਿਰਾ ਦਿੱਤਾ। ਤਸੱਲੀ ਵਾਲੀ ਗੱਲ ਹੈ ਕਿ ‘ਸਤਿਜੁਗ’ ਵੱਲੋਂ ਸ਼ਤਾਬਦੀ ਵਰ੍ਹਾ ਪਾਰ ਕਰਨ ਦੀ ਖ਼ੁਸ਼ੀ ਵਿਚ ਇਸ ਦੇ ਸੰਚਾਲਕ ‘ਨਾਮਧਾਰੀ ਦਰਬਾਰ, ਭੈਣੀ ਸਾਹਿਬ’ ਵੱਲੋਂ ਅਖ਼ਬਾਰ ਦੇ ਸਾਰੇ ਪੁਰਾਣੇ ਅੰਕਾਂ ਨੂੰ ਡਿਜੀਟਾਈਜ਼ ਕਰਵਾ ਕੇ ਪਾਠਕਾਂ ਨੂੰ ਨੈੱਟ ਉੱਤੇ ਉਪਲਬਧ ਕਰਵਾਉਣ ਦੇ ਯਤਨ ਚੱਲ ਰਹੇ ਹਨ।
ਸੰਪਰਕ: 94170-49417