ਪ੍ਰੇਮ ਸਿੰਘ
ਅਥਾਹ ਕੁਰਬਾਨੀਆਂ ਸਦਕਾ ਹਿੰਦੋਸਤਾਨ ਆਜ਼ਾਦ ਤਾਂ ਹੋਇਆ ਪਰ ਦੋ ਮੁਲਕਾਂ ਭਾਰਤ ਅਤੇ ਪਾਕਿਸਤਾਨ ਵਿਚ ਵੰਡਿਆ ਗਿਆ। ਇਸ ਵੰਡ ਦਾ ਪੰਜਾਬੀਆਂ ਨੇ ਸਭ ਤੋਂ ਵੱਧ ਮੁੱਲ ਤਾਰਿਆ। ਚੜ੍ਹਦੇ ਅਤੇ ਲਹਿੰਦੇ ਵਿਚ ਵੰਡੇ ਗਏ ਪੰਜਾਬ ਦੇ ਬਾਸ਼ਿੰਦੇ ਧਰਮ ਆਧਾਰਿਤ ਵਸੋਂ ਤਬਾਦਲੇ ਕਾਰਨ ਆਪਣੇ ਵਸਦੇ ਰਸਦੇ ਘਰਾਂ ਨੂੰ ਛੱਡ ਕੇ ਪਰਾਈ ਧਰਤੀ ’ਤੇ ਜਾਣ ਲਈ ਮਜਬੂਰ ਹੋ ਗਏ। ਇਸ ਦੇ ਨਾਲ ਉਨ੍ਹਾਂ ਵੱਲੋਂ ਸਹੇ ਗਏ ਦੁੱਖਾਂ ਦਾ ਅੰਤ ਹੀ ਕੋਈ ਨਹੀਂ। ਇਹ ਲੇਖ ਇਸ ਉਜਾੜੇ ਬਾਰੇ ਇਕ ਕਲਾਕਾਰ ਦੀ ਸੰਵੇਦਨਾ ਨੂੰ ਪ੍ਰਗਟਾਉਂਦਾ ਹੈ।
ਲੰਮੇ ਸਮੇਂ ਤੋਂ ਰਾਜ ਕਰ ਰਹੇ ਬਰਤਾਨਵੀ ਸਾਮਰਾਜ ਪ੍ਰਤੀ ਲੋਕਾਂ ਦੀ ਵਧਦੀ ਨਫ਼ਰਤ ਅਤੇ ਆਜ਼ਾਦੀ ਲਈ ਚੱਲ ਰਹੇ ਸੰਘਰਸ਼ ਨੂੰ ਰੋਕਣਾ ਹੁਣ ਸੰਭਵ ਨਹੀਂ ਸੀ ਜਾਪ ਰਿਹਾ। ਉੱਨੀ ਸੌ ਤੀਹਵਿਆਂ ਵਿਚ ਇਕ ਸਮਾਂ ਅਜਿਹਾ ਆਇਆ ਜਦੋਂ ਹਾਕਮ ਹਿੰਦੋਸਤਾਨ ਨੂੰ ਸੁਤੰਤਰ ਐਲਾਨ ਸਕਦੇ ਸਨ ਪਰ ਮੌਕਾ ਖੁੰਝ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਉਸ ਵੇਲੇ ਫ਼ੈਸਲਾ ਕੀਤਾ ਜਾਂਦਾ ਤਾਂ ਮੁਲਕ ਤੇ ਮੁਲਕ ਵਾਸੀਆਂ ਦਾ ਭਲਾ ਹੁੰਦਾ। ਖ਼ੈਰ! ਸਮਾਂ ਕਦੇ ਨਹੀਂ ਮੁੜਦਾ।
ਨਵੀਂ ਦਿੱਲੀ ਵਿਖੇ 3 ਜੂਨ 1947 ਨੂੰ ਅੱਠ ਵਿਅਕਤੀ ਮੇਜ਼ ਦੁਆਲੇ ਬੈਠ ਹਿੰਦੋਸਤਾਨ (ਭਾਰਤ) ਨੂੰ ਭਾਰਤ ਤੇ ਪਾਕਿਸਤਾਨ ’ਚ ਵੰਡਣ ਦੀ ਸਹਿਮਤੀ ਜਤਾਉਂਦੇ ਹਨ। ਇਹ ਕੋਈ ਸੰਵਿਧਾਨਕ ਸਮਝੌਤਾ ਨਹੀਂ ਸੀ। ਨਾ ਹੀ ਇਸ ਨੂੰ ਦੇਸ਼ ਵਾਸੀਆਂ ਦਾ ਸੰਪੂਰਨ ਵਿਸ਼ਵਾਸ ਹਾਸਲ ਸੀ। ਕਹਿੰਦੇ ਹਨ ਕਿ ਉਸ ਸਮੇਂ ਦੀ ਇਕ ਫੋਟੋ ਹੈ ਜਿਸ ਵਿਚ ਸਹਿਮਤੀ ਜਤਾਉਣ ਵਾਲਿਆਂ ਦੇ ਚਿਹਰੇ ਡਰੇ ਅਤੇ ਘਬਰਾਏ ਹੋਏ ਦਿਖਾਈ ਪੈਂਦੇ ਹਨ। ਯਾਦ ਰਹੇ ਕਿ ਇੰਡੀਅਨ ਨੈਸ਼ਨਲ ਕਾਂਗਰਸ ’ਚੋਂ ਜਵਾਹਰ ਲਾਲ ਨਹਿਰੂ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਮੁਸਲਿਮ ਲੀਗ ਦੇ ਮੁਖੀ ਮੁਹੰਮਦ ਅਲੀ ਜਿਨਾਹ ਪਾਕਿਸਤਾਨ ਦੇ ਪਹਿਲੇ ਗਵਰਨਰ ਜਨਰਲ ਬਣੇ। ਬਰਤਾਨਵੀ ਸਾਮਰਾਜ ਦਾ ਅੰਤ ਹੋਇਆ ਅਤੇ 14/15 ਅਗਸਤ 1947 ਨੂੰ ਪਾਕਿਸਤਾਨ ਅਤੇ ਭਾਰਤ ਸੁਤੰਤਰ ਮੁਲਕ ਐਲਾਨੇ ਗਏ।
ਨਾਇਕ ਬਣੇ ਨੇਤਾ ਤੇ ਵਾਇਸਰਾਏ ਲੂਈ ਮਾਊਂਟਬੈਟਨ, ਜਿਨ੍ਹਾਂ ਨੇ ਇਹ ਸਮਝੌਤਾ ਕੀਤਾ। ਉਨ੍ਹਾਂ ਨੂੰ ਇਹ ਅਹਿਸਾਸ ਹੀ ਨਹੀਂ ਸੀ ਕਿ ਦੇਸ਼ ਦੀ ਵੰਡ ਵੀਹਵੀਂ ਸਦੀ ਦੀਆਂ ਸਭ ਤੋਂ ਵੱਡੀਆਂ ਤ੍ਰਾਸਦੀਆਂ ਵਿਚੋਂ ਇਕ ਹੋ ਸਕਦੀ ਹੈ। ਦਸਤਾਵੇਜ਼ੀ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਸਮਝੌਤੇ ਮਗਰੋਂ ਕੀਤੀ ਪ੍ਰੈਸ ਕਾਨਫਰੰਸ ਵਿਚ ਇਕ ਪੱਤਰਕਾਰ ਨੇ ਮਾਊਂਟਬੈਟਨ ਨੂੰ ਸਵਾਲ ਪੁੱਛਿਆ, ‘‘ਕੀ ਤੁਹਾਡੀ ਭਵਿੱਖਬਾਣੀ ਵਿਚ ਬੜੀ ਵੱਡੀ ਗਿਣਤੀ ਵਿਚ ਆਬਾਦੀ ਦਾ ਤਬਾਦਲਾ ਹੈ?’’ ਵਾਇਸਰਾਏ ਦਾ ਜਵਾਬ ਸੀ, ‘‘ਨਿੱਜੀ ਤੌਰ ’ਤੇ, ਮੈਂ ਅਜਿਹਾ ਨਹੀਂ ਸਮਝਦਾ।’’
ਮਗਰੋਂ ਜੋ ਹੋਇਆ ਉਹ ਸਭ ਦੇ ਸਾਹਮਣੇ ਹੈ। ਫ਼ਿਰਕਾਪ੍ਰਸਤੀ ਦਾ ਜਬਰ-ਜ਼ੁਲਮ ਸਹਿੰਦੇ ਜੜ੍ਹਾਂ ਤੋਂ ਉੱਖੜੇ ਲੋਕ ਆਪਣੇ ਨਵੇਂ ਘਰ ਦੀ ਭਾਲ ਵਿਚ ਟੁੱਟੇ-ਭੱਜੇ ਵਿਲਕ ਰਹੇ ਸਨ। ਸੂਤਰਾਂ ਦੇ ਹਵਾਲੇ ਤੋਂ ਪਤਾ ਚਲਦਾ ਹੈ ਕਿ ਸ਼ਰਨਾਰਥੀਆਂ ਦੇ ਮੁੜ-ਵਸੇਬੇ ਲਈ ਉਪ-ਮਹਾਂਦੀਪ ਵਿਚ ਕੋਈ 600 ਰਫਿਊਜੀ ਕੈਂਪ ਲਗਾਏ ਗਏ। 70,000 ਔਰਤਾਂ ਨੂੰ ਜਿਨਸੀ ਹਿੰਸਾ ਦਾ ਸਾਹਮਣਾ ਕਰਨਾ ਪਿਆ। ਦਸ ਲੱਖ ਸ਼ਰਨਾਰਥੀ ਮਾਰੇ ਗਏ। ਘਰੋਂ ਬੇਘਰ ਹੋਇਆਂ ਦਾ ਤਾਂ ਕੋਈ ਹਿਸਾਬ ਹੀ ਨਹੀਂ।
ਹਿੰਦੋਸਤਾਨ ਦੇ ਉੱਤਰ-ਪੂਰਬੀ ਅਤੇ ਉੱਤਰ-ਪੱਛਮੀ ਇਲਾਕੇ ਦੀ ਮੁਸਲਮਾਨ ਆਬਾਦੀ 14 ਅਗਸਤ 1947 ਨੂੰ ਬਣੇ ਪਾਕਿਸਤਾਨ ਦਾ ਹਿੱਸਾ ਬਣ ਗਈ। ਬਾਕੀ ਹਿੰਦੂ ਤੇ ਹੋਰ ਘੱਟਗਿਣਤੀ ਆਬਾਦੀ ਦਾ ਮੁਲਕ ਭਾਰਤ ਬਣ ਗਿਆ। ਬੰਗਾਲ (ਪੂਰਬ ਵਿਚ) ਅਤੇ ਪੰਜਾਬ (ਉੱਤਰ-ਪੱਛਮ ’ਚ) ਦੀ ਸੰਘਣੀ ਵਸੋਂ ਵਾਲੇ ਇਲਾਕੇ ਵਿਚ ਲੋਕ ਕਈ ਕਈ ਪੁਸ਼ਤਾਂ ਤੋਂ ਘਿਓ-ਸ਼ੱਕਰ ਵਾਂਗ ਜੀਵਨ ਬਿਤਾ ਰਹੇ ਸਨ। ਆਬਾਦੀ ਦਾ ਅਚਾਨਕ ਤਬਾਦਲਾ ਉਨ੍ਹਾਂ ਦੀ ਸੋਚ ਤੇ ਕਲਪਨਾ ਤੋਂ ਬਾਹਰ ਸੀ। ਪੰਜਾਬ ਇਸ ਭੁਚਾਲ ਦਾ ਕੇਂਦਰ ਬਣਿਆ। ਫ਼ਿਰਕਾਪ੍ਰਸਤੀ ਦੀ ਅੱਗ ’ਚ ਝੁਲਸੇ ਲੋਕ ਉਪਰ ਵੇਖਦੇ ਤਾਂ ਧਰਤੀ, ਦਰਿਆ ਅਤੇ ਨਦੀਆਂ ਖ਼ੂਨ ਨਾਲ ਲਾਲ ਸਨ। ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਅਤੇ ਗਰਭਵਤੀ ਔਰਤਾਂ ਦੀਆਂ ਟੁਕੜੇ-ਟੁਕੜੇ ਹੋਈਆਂ ਲਾਸ਼ਾਂ ਸੜਕਾਂ ਕਿਨਾਰੇ ਵੇਖੀਆਂ ਨਹੀਂ ਸਨ ਜਾਂਦੀਆਂ। ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕੀ ਹੋ ਰਿਹਾ ਹੈ।
ਲਾਹੌਰ ਅਣਵੰਡੇ ਪੰਜਾਬ ਦੀ ਰਾਜਧਾਨੀ ਸੀ। ਬਰਤਾਨਵੀ ਹਕੂਮਤ ਨੇ 1875 ਵਿਚ ਇੱਥੇ ਮੇਓ ਸਕੂਲ ਆਫ ਆਰਟ ਦੀ ਸਥਾਪਨਾ ਕੀਤੀ। ਲੌਕਵੁੱਡ ਕਿਪਲਿੰਗ ਨੂੰ ਇਸ ਦਾ ਬਾਨੀ ਪ੍ਰਿੰਸੀਪਲ ਨਿਯੁਕਤ ਕੀਤਾ। ਵੰਡ ਸਮੇਂ ਸਰਦਾਰੀ ਲਾਲ ਪਰਾਸ਼ਰ ਇਸ ਸੰਸਥਾ ਦਾ ਸਹਾਇਕ ਪ੍ਰਿੰਸੀਪਲ ਸੀ। ਹਾਲਾਤ ਸੁਖਾਵੇਂ ਨਹੀਂ ਸਨ। ਸਮਝੌਤੇ ਮਗਰੋਂ ਤਾਂ ਅਨਿਸ਼ਚਿਤਤਾ ਅਤੇ ਭੈਅ ਹੋਰ ਵੀ ਵਧ ਗਿਆ ਸੀ। ਹਾਲਾਤ ਦੇ ਮੱਦੇਨਜ਼ਰ ਵਿਦਿਅਕ ਸੰਸਥਾਵਾਂ ਵਧੇਰੇ ਕਰਕੇ ਬੰਦ ਸਨ। ਆਰਟ ਸਕੂਲ ਪੰਜਾਬ ਉਦਯੋਗਿਕ ਵਿਭਾਗ ਦੇ ਅਧੀਨ ਆਉਂਦਾ ਸੀ।
ਵੰਡ ਦਾ ਸਮਝੌਤਾ ਲਾਗੂ ਹੋਣ ਤੋਂ ਕੁਝ ਦਿਨ ਪਹਿਲਾਂ ਉਦਯੋਗਿਕ ਵਿਭਾਗ ਨੇ ਸਰਦਾਰੀ ਲਾਲ ਪਰਾਸ਼ਰ ਨੂੰ ਲਾਹੌਰ ਜਾਣ ਦਾ ਹੁਕਮ ਦਿੱਤਾ। ਰੌਲਿਆਂ ਕਰਕੇ ਉਹ ਭਾਰਤ ਆਇਆ ਹੋਇਆ ਸੀ। ਉਸ ਨੂੰ ਲਾਹੌਰ ਭੇਜਣ ਪਿੱਛੇ ਮਨੋਰਥ ਸੀ ਕਿ ਅਗਰ ਲਾਹੌਰ ਭਾਰਤੀ ਪੰਜਾਬ ਵੱਲ ਆ ਜਾਂਦਾ ਹੈ ਤਾਂ ਉਸ ਹਾਲਤ ਵਿਚ ਉਸ ਨੇ ਮੇਓ ਸਕੂਲ ਆਫ ਆਰਟ ਦਾ ਚਾਰਜ ਲੈਣਾ ਹੈ। ਇਹ ਹੁਕਮ ਪਰਾਸ਼ਰ ਲਈ ਕਿਸੇ ਆਫ਼ਤ ਤੋਂ ਘੱਟ ਨਹੀਂ ਸੀ। ਚਾਰ ਧੀਆਂ ਅਤੇ ਇਕ ਪੁੱਤਰ ਨੂੰ ਉਹ ਆਪਣੀ ਪਤਨੀ ਨਿਰਮਲਾ ਪਰਾਸ਼ਰ ਕੋਲ ਛੱਡ ਕੇ ਸਰਕਾਰੀ ਹੁਕਮ ਦੀ ਪਾਲਣਾ ਹਿੱਤ ਲਾਹੌਰ ਪਹੁੰਚ ਗਿਆ। 14 ਅਗਸਤ 1947 ਦੀ ਰਾਤ ਨੂੰ ਲਾਹੌਰ ਸ਼ਹਿਰ ਪਾਕਿਸਤਾਨ ਦੇ ਹਿੱਸੇ ਆਇਆ। ਸੋਚੋ ਕਿ ਉਸ ਸਮੇਂ ਪਰਾਸ਼ਰ ਦਾ ਕੀ ਹਾਲ ਹੋਇਆ ਹੋਵੇਗਾ। ਜਿਹੜੀ ਰੇਲ ਗੱਡੀ ਉਸ ਨੂੰ ਲਾਹੌਰ ਤੋਂ ਭਾਰਤ ਲੈ ਕੇ ਆਈ ਲਾਸ਼ਾਂ ਨਾਲ ਲੱਦੀ ਪਈ ਸੀ। ਜਦੋਂ ਸੇਵਾਦਾਰ ਨੇ ਲਾਸ਼ਾਂ ਪਲੇਟਫਾਰਮ ’ਤੇ ਧੋਈਆਂ ਤਾਂ ਸਭ ਥਾਂ ਲਾਲ ਹੀ ਨਜ਼ਰ ਆ ਰਿਹਾ ਸੀ। ਪੱਛਮੀ ਪੰਜਾਬ ’ਚ ਕਤਲੇਆਮ ’ਚੋਂ ਬਚਿਆ ਕਲਾਕਾਰ ਕਦੇ ਲਾਸ਼ਾਂ ਵੇਖਦਾ ਤੇ ਕਦੇ ਆਪਣੇ ਆਪ ਨੂੰ। ਇਸ ਤਰ੍ਹਾਂ ਸੁੰਨ ਹੋਇਆ ਮਨੁੱਖ ਨਾ ਤਾਂ ਜਿਉਂਦਾ ਹੁੰਦਾ ਹੈ ਤੇ ਨਾ ਹੀ ਮਰਿਆ। ਐਸੀ ਅਵਸਥਾ ਵਿਚ ਮਨੁੱਖ ਅੱਖੀਂ ਵੇਖਦਾ ਹੋਇਆ ਵੀ ਮੁਨਕਰ ਜਾਪਦਾ ਹੈ।
ਸਰਦਾਰੀ ਲਾਲ ਪਰਾਸ਼ਰ ਸੋਚਵਾਨ ਅਤੇ ਸੰਵੇਦਨਸ਼ੀਲ ਕਲਾਕਾਰ ਸੀ। ਪੰਜਾਬ ਸਾਹਮਣੇ ਹੁਣ ਸਭ ਤੋਂ ਵੱਡੀ ਚੁਣੌਤੀ ਸੀ ਸ਼ਰਨਾਰਥੀਆਂ ਨੂੰ ਮੁੜ ਵਸਾ ਕੇ ਦਿਲਾਸਾ ਦਿਵਾਉਣਾ। ਫ਼ਿਰਕਾਪ੍ਰਸਤੀ ਦਾ ਸ਼ਿਕਾਰ ਹੋਏ ਲੋਕ ਟੁੱਟ ਚੁੱਕੇ ਸਨ। ਅੰਬਾਲਾ ਦੇ ਰੇਲਵੇ ਸਟੇਸ਼ਨ ਨਾਲ ਲੱਗਦੇ ਬਲਦੇਵ ਨਗਰ ਵਿਚ ਵੀ ਇਕ ਸ਼ਰਨਾਰਥੀ ਕੈਂਪ ਲਗਾਇਆ ਗਿਆ। ਪਰਾਸ਼ਰ ਨੂੰ ਇਸ ਦਾ ਕੈਂਪ ਕਮਾਂਡੈਂਟ ਨਿਯੁਕਤ ਕੀਤਾ ਗਿਆ। ਇਸ ਵਿਚ ਕੋਈ ਇਕ ਲੱਖ ਤੋਂ ਵੱਧ ਸ਼ਰਨਾਰਥੀ ਸਨ। ਕੈਂਪ ਵਿਚ ਲੋੜੀਂਦੀਆਂ ਸਹੂਲਤਾਂ ਦੀ ਘਾਟ ਸੀ ਅਤੇ ਬਿਮਾਰਾਂ ਦਾ ਖ਼ਿਆਲ ਵੀ ਰੱਖਣਾ ਸੀ। ਜਦੋਂ ਸਦਮਾ ਇੰਨਾ ਵੱਡਾ ਹੋਵੇ ਤਾਂ ਮਨੁੱਖ ਦਾ ਡੋਲਣਾ ਸੁਭਾਵਿਕ ਹੈ। ਕੁਝ ਇਸ ਤਰ੍ਹਾਂ ਦੇ ਮਾਹੌਲ ਦਾ ਸਾਹਮਣਾ ਕਰ ਰਿਹਾ ਸੀ ਸਰਦਾਰੀ ਲਾਲ ਪਰਾਸ਼ਰ। ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਕੇ ਉਹ ਸਵੇਰ-ਸ਼ਾਮ ਕੈਂਪ ਦਾ ਚੱਕਰ ਲਾਉਂਦਾ, ਉਨ੍ਹਾਂ ਨਾਲ ਬੈਠਦਾ, ਉਨ੍ਹਾਂ ਦੀ ਸੁਣਦਾ ਤੇ ਆਪਣੀ ਸੁਣਾਉਂਦਾ, ਦਰਦ ਵੰਡਾਉਂਦਾ। ਦਰਦਨਾਕ ਅਵਸਥਾ ਵਿਚ ਵਲੂੰਧਰਿਆ ਇਹ ਮਨ ਪੈੱਨ ਅਤੇ ਪੈਨਸਲ ਚੁੱਕਦਾ ਤੇ ਚੁੱਪ ਦੀਆਂ ਚੀਖਾਂ ਨੂੰ ਚਿਤਰਦਾ।
1947-1949 ਦੌਰਾਨ ਉਸ ਨੇ ਸ਼ਰਨਾਰਥੀਆਂ ਦੇ ਤਪਦੇ ਮਨਾਂ ਦੇ ਕੋਈ ਸੌ ਤੋਂ ਵੱਧ ਸਕੈੱਚ ਬਣਾਏ। ਉਸ ਦੇ ਪੁੱਤਰ ਰਾਜੂ ਪਰਾਸ਼ਰ ਨੇ ਦੱਸਿਆ, ‘‘ਇਹ ਸਕੈੱਚ ਸਾਰੀ ਉਮਰ ਟਰੰਕ ਵਿਚ ਹੀ ਪਏ ਰਹੇ। ਨਾ ਉਹ ਕਿਸੇ ਨੂੰ ਵਿਖਾਏ ਗਏ ਤੇ ਨਾ ਹੀ ਕਦੇ ਇਨ੍ਹਾਂ ਬਾਰੇ ਕੋਈ ਗੱਲਬਾਤ ਹੋਈ। ਮੇਰੇ ਪਿਤਾ ਨੇ ਤਾਂ ਇਨ੍ਹਾਂ ਬਾਰੇ ਗੱਲ ਕੀਤੀ ਪਰ ਮੇਰੀ ਮਾਤਾ ਇਨ੍ਹਾਂ ਬਾਰੇ ਹਮੇਸ਼ਾ ਚੁੱਪ ਰਹੇ। ਜਦੋਂ ਸਾਰੇ ਭੈਣ-ਭਰਾਵਾਂ ਨੇ ਜ਼ਿੱਦ ਕਰ ਕੇ ਆਪਣੀ ਮਾਂ ਨੂੰ ਵੰਡ ਬਾਰੇ ਦੱਸਣ ਲਈ ਆਖਿਆ। ਉਸ ਦਾ ਜਵਾਬ ਸੀ ਕਿ ਜਿਸ ਖ਼ੌਫ਼ਨਾਕ ਸਮੇਂ ਨੂੰ ਭੁੱਲਣ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ, ਤੁਸੀਂ ਉਸੇ ਨੂੰ ਮੈਨੂੰ ਦੁਬਾਰਾ ਯਾਦ ਕਰਵਾ ਰਹੇ ਹੋ। ਇਹ ਠੀਕ ਨਹੀਂ ਹੈ। ਇਹ ਬਿਲਕੁਲ ਹੀ ਉਚਿਤ ਨਹੀਂ ਹੈ।’’
ਨਵੇਂ ਭਾਰਤ ਦੀ ਸਿਰਜਣਾ ਵਿਚ ਫ਼ਿਰਕਾਪ੍ਰਸਤੀ ਦਾ ਸ਼ਿਕਾਰ ਹੋਏ ਸ਼ਰਨਾਰਥੀਆਂ ਦਾ ਵੀ ਵੱਡਾ ਯੋਗਦਾਨ ਹੈ। ਅੱਜ ਜਦੋਂ ਅਸੀਂ ਭਾਰਤ ਦੀ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਇਨ੍ਹਾਂ ਸ਼ਰਨਾਰਥੀਆਂ ਨੂੰ ਵੀ ਸ਼ਰਧਾਂਜਲੀ ਦੇਣੀ ਬਣਦੀ ਹੈ। ਹੋਰ ਤਾਂ ਹੋਰ ਅਸੀਂ ਤਾਂ ਕੈਂਪ ਵਾਲੀਆਂ ਥਾਵਾਂ ਦਾ ਵੀ ਨਾਮੋ-ਨਿਸ਼ਾਨ ਮਿਟਾ ਦਿੱਤਾ ਹੈ।
ਸਰਦਾਰੀ ਲਾਲ ਪਰਾਸ਼ਰ ਦੇ ਉਦੋਂ ਬਣਾਏ ਲੀਕ-ਚਿੱਤਰ ਇਤਿਹਾਸਕ ਦਸਤਾਵੇਜ਼ ਹਨ। ਇਹ ਚਿੱਤਰ ਉਨ੍ਹਾਂ ਦੇ ਨਿਵਾਸ ਸਥਾਨ ਏ 71, ਸਾਊਥ ਐਕਸਟੈਂਸ਼ਨ, ਪਾਰਟ-2, ਨਵੀਂ ਦਿੱਲੀ ਵਿਖੇ ਪ੍ਰਦਰਸ਼ਿਤ ਹਨ। ਕੁਝ ਚਿੱਤਰ 1947 ਦੀ ਵੰਡ ਬਾਰੇ ਅੰਮ੍ਰਿਤਸਰ ’ਚ ਸਥਾਪਤ ਮਿਊਜ਼ੀਅਮ ਵਿਚ ਰੱਖੇ ਹਨ।
ਰੱਬ ਨੂੰ ਲੱਭਦੀਆਂ ਅੱਖਾਂ, ਬੰਦਗੀ ਕਰਦੇ ਚਿਹਰੇ, ਗੁੰਮ-ਸੁੰਮ ਹੋਏ ਸ਼ਰਨਾਰਥੀ, ਇਕ ਦੂਸਰੇ ਨਾਲ ਦੁੱਖ ਸਾਂਝਾ ਕਰਦੀਆਂ ਔਰਤਾਂ, ਟੁੱਟੇ-ਹਾਰੇ ਨਿਢਾਲ ਹੋਏ ਬਿਰਧ ਸਰੀਰ, ਚੀਕਦੇ-ਕੁਰਲਾਉਂਦੇ ਜੀਅ, ਯਤੀਮ ਹੋਏ ਬੱਚੇ, ਵਿਧਵਾ ਹੋਈਆਂ ਔਰਤਾਂ ਆਦਿ ਨੇ ਪਰਾਸ਼ਰ ਦੇ ਚਿੱਤ ਨੂੰ ਡੂੰਘਾ ਸੱਲ ਲਾਇਆ। ਇਹ ਸੱਲ ਹੀ ਉਸ ਦੇ ਲੀਕ-ਚਿੱਤਰਾਂ ਦੀ ਆਵਾਜ਼ ਬਣੇ। ਇਹ ਪਰਾਸ਼ਰ ਦਾ ਜਿਗਰਾ ਹੀ ਸੀ ਕਿ ਉਹ ਉਨ੍ਹਾਂ ਦੀਆਂ ਅੱਖਾਂ ਵਿਚ ਵੇਖ ਅਤੇ ਮਨਾਂ ਵਿਚ ਉਤਰ ਸਕਿਆ। ਉਨ੍ਹਾਂ ਦੇ ਦੁੱਖ ਨੂੰ ਆਪਣੀ ਕਲਾ ਨਾਲ ਪ੍ਰਗਟਾ ਉਨ੍ਹਾਂ ਦਾ ਸਹਾਰਾ ਬਣ ਸਕਿਆ। ਬੁੱਤਤਰਾਸ਼ ਧਨਰਾਜ ਭਗਤ ਦੀਆਂ ਛੈਣੀ ਦੀਆਂ ਛੁਹਾਂ ਵਿਚ ਵੀ ਇਸ ਸੰਤਾਪ ਦੀਆਂ ਆਵਾਜ਼ਾਂ ਸੁਣਦੀਆਂ ਹਨ। ਕਲਾਕਾਰ ਸਤੀਸ਼ ਗੁਜਰਾਲ ਨੇ ਵੀ ਵੰਡ ਦੇ ਚਿੱਤਰ ਬਣਾ ਕੇ ਆਪਣੀ ਸ਼ਰਧਾਂਜਲੀ ਦਿੱਤੀ।
ਸਰਦਾਰੀ ਲਾਲ ਪਰਾਸ਼ਰ 1960 ਤੋਂ ਦਿੱਲੀ ਵਿਚ ਹੀ ਰਹੇ। ਕੁਝ ਸਮਾਂ ਉਨ੍ਹਾਂ ਚੰਡੀਗੜ੍ਹ ਵਿਚ ਵੀ ਬਿਤਾਇਆ। ਇਸੇ ਸਮੇਂ ਇੱਥੇ ਲਈਅਰ ਵੈਲੀ ’ਚ ਇਕ ਸਕਲਪਚਰ, ਸਰਕਾਰੀ ਕਾਲਜ ਸੈਕਟਰ-11 ’ਚ ਮਿਊਰਲ ਅਤੇ ਪੰਜਾਬ ਯੂਨੀਵਰਸਿਟੀ ਦੇ ਗਣਿਤ ਵਿਭਾਗ ’ਚ ਕੰਧ-ਚਿੱਤਰ ਬਣਾ ਕੇ ਸੋਹਣੇ ਸ਼ਹਿਰ ਦਾ ਸੁਹੱਪਣ ਵਧਾਇਆ। ਇਸੇ ਦੌਰਾਨ ਇਕ ਵਾਰ ਉਸ ਦੱਸਿਆ ਕਿ ਉਹ ਬਲਦੇਵ ਨਗਰ ਸ਼ਰਨਾਰਥੀ ਕੈਂਪ ਵਿਚ ਕਮਾਂਡੈਂਟ ਸੀ ਤਾਂ ਉੱਥੇ ਭਾਰੀ ਮੀਂਹ ਪੈਣ ਕਰਕੇ ਪਾਣੀ ਹੀ ਪਾਣੀ ਹੋ ਗਿਆ। ਇਸੇ ਚਿੱਕੜ ਹੋਈ ਮਿੱਟੀ ਨਾਲ ਉਸ ਨੇ ਸ਼ਰਨਾਰਥੀਆਂ ਦੇ ਨਿੱਕੇ-ਨਿੱਕੇ ਸਕਲਪਚਰ ਬਣਾਏ। ਇਸ ਮਿੱਟੀ ’ਚੋਂ ਆਉਂਦੀਆਂ ਜਾਪਦੀਆਂ ਸ਼ਰਨਾਰਥੀਆਂ ਦੀਆਂ ਆਵਾਜ਼ਾਂ ਮੈਨੂੰ ਅੱਜ ਵੀ ਭੈਅਭੀਤ ਕਰਦੀਆਂ ਹਨ।
ਸੰਪਰਕ: 98110-52271