ਔਰਤ
ਮਨਿੰਦਰ ਕੌਰ ਬਸੀ
ਔਰਤ ਹਾਂ ਮੈਂ
ਦੇਵੀ ਨਹੀਂ ਹਾਂ
ਦੇਵੀ ਆਖ ਕੇ
ਨਾ ਮੰਗ ਹਰ ਵਾਰ
ਮੇਰੇ ਹੀ ਸੁਪਨਿਆਂ ਦੀ ਬਲੀ।
ਮੇਰੀਆਂ ਹੀ ਸੱਧਰਾਂ ਦਾ ਆਕਾਸ਼।
ਮੈਂ ਵੀ ਇਨਸਾਨ ਹਾਂ
ਹੱਸਦੀ ਹਾਂ, ਹੱਸਣਾ ਚਾਹੁੰਦੀ ਹਾਂ
ਨਾ ਪਾ ਵਾਸਤਾ
ਕਦੇ ਬਾਬਲ ਦੀ ਪੱਗ ਦਾ
ਕਦੇ ਮਾਂ ਦੀ ਚੁੰਨੀ ਦਾ
ਕਦੇ ਵੀਰੇ ਦੀ ਰੱਖੜੀ ਦਾ।
ਪੁੱਛੋ ਕਦੇ ਤਾਂ
ਕੀ ਚਾਹੁੰਦੀ ਹਾਂ ਮੈਂ
ਕੀ ਸੋਚਦੀ ਹਾਂ ਮੈਂ
ਕਿੰਨਾ ਕੁ ਆਕਾਸ਼ ਹੈ ਮੇਰਾ
ਚਾਬੀ ਵਾਲੀ ਗੁੱਡੀ ਨਾ ਸਮਝ
ਹੱਥਾਂ ਦੀ ਕਠਪੁਤਲੀ ਨਾ ਆਖ
ਮਿੱਟੀ ਦੀ ਮੂਰਤ ਨਾ ਸਮਝ
ਇਨਸਾਨ ਆਖ, ਇਨਸਾਨ ਸਮਝ,
ਹਾਂ ਨਿਰਜਿੰਦ, ਗੂੰਗੀ,
ਮਹਾਨ ਸਮਝੀ ਜਾਂਦੀ।
ਦੇਵੀ ਨਹੀਂ ਹਾਂ ਮੈਂ
ਬਸ ਦੇਵੀ ਨਾ ਬਣਾ
ਦੇਵੀ ਨਾ ਆਖ
ਸੰਪਰਕ: 98784-38722
ਗ਼ਜ਼ਲ
ਅਮਰਜੀਤ ਸਨ੍ਹੇਰਵੀ
ਗਿਰਗਿਟ ਵਾਂਗੂੰ ਰੰਗ ਵਟਾਉਣਾ ਆਉਂਦਾ ਹੈ।
ਲੋਕਾਂ ਨੂੰ ਚੱਕਰਾਂ ਵਿੱਚ ਪਾਉਣਾ ਆਉਂਦਾ ਹੈ।
ਲੋਕਾਂ ਦੇ ਨਾਲ ਠੱਗੀ ਧੋਖਾ ਕਰਨ, ਜਿਨ੍ਹਾਂ ਨੂੰ,
ਗੱਲਾਂ ਦਾ ਕੜਾਹ ਬਣਾਉਣਾ ਆਉਂਦਾ ਹੈ।
ਤਾਲ ਤੇ ਸੁਰ ਦਾ ਬੇਸ਼ੱਕ ਕੁਝ ਵੀ ਪਤਾ ਨਹੀਂ,
ਉੱਚੀਆਂ ਹੇਕਾਂ ਲਾ ਲਾ ਗਾਉਣਾ ਆਉਂਦਾ ਹੈ।
ਝੂਠ ਅਸਾਡਾ ਜ਼ਾਹਿਰ ਨਾ ਹੋ ਜਾਏ ਲੋਕਾਂ ਵਿੱਚ,
ਉਸ ’ਤੇ ਸੱਚ ਦਾ ਲੇਪ ਚੜ੍ਹਾਉਣਾ ਆਉਂਦਾ ਹੈ।
ਲਾਕਡਾਊਨ ਨੇ ਦੱਸ ਦਿੱਤਾ ਹੈ ਦੁਨੀਆਂ ਨੂੰ,
ਕੁਦਰਤ ਨੂੰ ਵੀ ਸਬਕ ਸਿਖਾਉਣਾ ਆਉਂਦਾ ਹੈ।
ਹੱਟੀਆਂ ਤਾਈਂ ਖ਼ਤਮ ਕਰੇਂਦਿਆਂ ਰਾਜਿਆਂ ਨੂੰ,
ਸ਼ੋਅਰੂਮਾਂ ਨੂੰ ਕਿੰਜ ਬਚਾਉਣਾ, ਆਉਂਦਾ ਹੈ।
ਪੰਜ ਸਾਲ ਤਾਂ ਬਿਲਕੁਲ ਵੀ ਉਹ ਬੋਲਦਾ ਨਹੀਂ,
ਚੋਣਾਂ ਵਿੱਚ ਪਰ ਸ਼ੋਰ ਮਚਾਉਣਾ ਆਉਂਦਾ ਹੈ।
ਰੰਗ ਬਿਰੰਗੇ ਭੇਸਾਂ ਵਾਲਿਆਂ ਟੋਲਿਆਂ ਨੂੰ,
ਫ਼ਿਰਕੂ ਭਾਂਬੜ ਖ਼ੂਬ ਮਚਾਉਣਾ ਆਉਂਦਾ ਹੈ।
ਸੰਪਰਕ: 99142-16191
* * *
ਚਿਹਰਾ
ਮਨਜੀਤ ਪਾਲ ਸਿੰਘ
ਸ਼ੀਸ਼ੇ ਵਿੱਚੋਂ ਕਦ ਦਿੱਸਦਾ ਏ, ਦਿਲ ਤੇ ਉੱਕਰੀ ਬਾਤ ਦਾ ਚਿਹਰਾ।
ਜ਼ਿਹਨ ਦੇ ਡੂੰਘੇ ਸਾਗਰ ਅੰਦਰ, ਲੁਕਿਐ ਹਰ ਜਜ਼ਬਾਤ ਦਾ ਚਿਹਰਾ।
ਪੱਤੇ, ਫੁੱਲ ਤੇ ਸ਼ਾਖ਼ਾਂ ਜਦ ਵੀ, ਬਿਖਰ ਜਾਂਦੇ ਆਕਾਰ-ਹੀਣ ਹੋ
ਕੀ ਕੀ ਦਰਦ ਲੁਕਾ ਤੱਕਦਾ ਏ, ਕੀ ਜਾਣਾਂ ਕਾਇਨਾਤ ਦਾ ਚਿਹਰਾ।
ਲੱਖ ਮੁਸਕਾਨਾਂ ਅਤੇ ਤਿਊੜੀਆਂ, ਲਹੂ ਦੇ ਅੰਦਰ ਗਿੜਦੇ ਜਜ਼ਬੇ
ਸੌਂ ਜਾਂਦੈ ਭਰ ਵਿੱਚ ਕਲਾਵੇ, ਸਿਵੇ ’ਚ ਬਿਖਰੀ ਰਾਖ ਦਾ ਚਿਹਰਾ।
ਕਿਸੇ ਸਲਤਨਤ ਵਾਂਗ ਜੁੜੇ ਨੇ, ਸੂਰਜ, ਚੰਨ, ਬੇਅੰਤ ਸਿਤਾਰੇ
ਨੂਰੋ-ਨੂਰ ਹੈ ਵਾਂਗ ਪੈਗੰਬਰ, ਸੁਲਤਾਨ ਜਿਹੇ ਆਕਾਸ਼ ਦਾ ਚਿਹਰਾ।
ਪਰਚੇ ਨ੍ਹੇਰਿਆਂ ਨਾਲ਼ ਜੋ ਰਹਿੰਦੇ, ਚਾਨਣ ਦੀ ਹਰ ਕਿਰਨ ਤੋਂ ਓਹਲੇ
ਦਿੰਦੈ ਦਸਤਕ ਤਾਂ ਵੀ ਆ ਕੇ, ਨਿੱਤ ਨਵੀਂ ਪ੍ਰਭਾਤ ਦਾ ਚਿਹਰਾ।
ਕਿੰਨੇ ਝੂਠ, ਸੱਚ ਤੇ ਜਜ਼ਬੇ, ਪਏ ਸਮਾਏ ਵਰਕਿਆਂ ਅੰਦਰ
ਦਿੱਸਦੈ ਤਾਂਹੀਓਂ ਗੁੰਮ-ਸੁੰਮ ਜੇਹਾ, ਸ਼ਾਇਦ ਹਰ ਕਿਤਾਬ ਦਾ ਚਿਹਰਾ।
ਸੰਪਰਕ: 96467-13135