ਸੱਤਵਾਂ ਮੀਨਾਰ
ਅਮਰਜੀਤ ਟਾਂਡਾ
ਅੱਜ ਮੇਰੇ ਘਰ ਦਾ
ਸੱਤਵਾਂ ਮੀਨਾਰ ਵੀ
ਢੱਠ ਗਿਆ ਹੈ
ਸਕੂਲ ਪੜ੍ਹਦਿਆਂ
ਉਹ ਮੇਰੇ
ਵਾਲਾਂ ਵਿੱਚ ਤੇਲ ਝੱਸਿਆ ਕਰਦੀ ਸੀ
ਤੇ ਮੈਂ ਸੌਂ ਜਾਂਦਾ ਹੁੰਦਾ ਸੀ
ਮੇਰੇ ਮਨਭਾਉਂਦੇ ਖਾਣੇ
ਦਾਲ ਸਾਗ ਨੂੰ
ਓਹਨੇ ਮੇਰੀ ਪਸੰਦ ਦਾ
ਤੜਕਾ ਲਾ ਕੇ ਦੇਣਾ
ਕੱਪੜੇ ਧੋ ਦੇਣੇ
ਕਦੇ ਨਾ ਖਿਝਦੀ
ਕਦੇ ਨਾ ਅੱਕਦੀ
ਦੁਨੀਆਂ ਦੀਆਂ ਮੁਸਕਰਾਹਟਾਂ
ਖ਼ਬਰੇ ਓਹਦੇ ਹੀ ਚਿਹਰੇ ਤੋਂ
ਸਾਰੀਆਂ ਜਨਮੀਆਂ ਸਨ
ਕਦੇ ਵੱਟ ਨਹੀਂ ਸਨ ਦੇਖੇ
ਮੈਂ ਓਹਦੇ ਮੱਥੇ ’ਤੇ
ਹਾਂ ਘੂਰੀ ਕਦੇ ਕਦੇ
ਮੁਸਕਰਾਉਂਦੀ ਹੁੰਦੀ ਸੀ ਓਹਦੇ ਚਿਹਰੇ ’ਤੇ
ਸਿਰਫ਼ ਪਲ ਭਰ ਲਈ
ਬੱਚਿਆਂ ਨੂੰ
ਗੋਦ ਵਿਚ ਛੱਡ ਕੇ
ਸਾਰੇ ਰਹਿੰਦੇ ਕੰਮ ਮੁਕਾ ਕੇ
ਨਵਾਂ ਸੂਟ ਪਾ ਕੇ
ਪਤਾ ਨਹੀਂ ਕਿੱਧਰ ਨੂੰ
ਟੁਰ ਗਈ ਹੈ ਕੱਲ੍ਹ ਰਾਤ
ਨਾਰਵੇ ਤੋਂ
ਹੁਣੇ ਮੇਰੇ ਭਤੀਜੇ ਭਤੀਜੀ ਨੇ
ਹੰਝੂਆਂ ’ਚ ਡੁੱਬਿਆਂ ਨੇ ਦੱਸਿਆ
ਘਰ ਦਾ ਸੱਤਵਾਂ ਮੀਨਾਰ
ਢੱਠਿਆ ਹੋਇਆ
ਵਿਖਾਇਆ ਵੀਡਿਓ ਦਾ ਕਿ
ਦੇਖੋ
ਘਰਾਂ ਦੇ ਉੱਚੇ ਉੱਚੇ
ਸੋਹਣੇ ਅੰਬਰਾਂ ਨੂੰ ਛੂੰਹਦੇ ਮੀਨਾਰ ਵੀ ਘਰਾਂ ਨੂੰ ਵਿਸਾਰ
ਸਜੇ ਘਰ ਛੱਡ
ਟੁਰਨ ਲੱਗ ਪੈਂਦੇ ਹਨ
ਓਧਰ ਮੇਰਾ ਸੋਹਣਾ ਉੱਚਾ ਲੰਮਾ
ਵੀਰ ਕਈ ਸਾਲ ਪਹਿਲਾਂ
ਟੁਰ ਗਿਆ ਸੀ
ਓਧਰ ਹੀ ਕਿਤੇ ਚਲੀ ਗਈ ਹੈ
ਘਰ ਦੀ ਵੱਡੀ ਨੂੰਹ ਰਾਣੀ
ਜਾਣ ਲੱਗੀ
ਘਰ ਬੱਚਿਆਂ ਨੂੰ
ਦੱਸ ਕੇ ਵੀ ਨਹੀਂ ਗਈ
ਨਾ ਹੀ ਕੋਈ ਸਿਰਨਾਵਾਂ ਦਿੱਤਾ
ਨਾ ਮੁੜ ਕੇ ਪਰਤਣ ਦਾ ਦਿਨ ਦੱਸਿਆ
ਨਵੇਂ ਨਵੇਂ
ਚਾਅ ਨਾਲ ਸਵਾਏ
ਸਾਰੇ ਸੂਟ ਹੈਂਗਰਾਂ ’ਤੇ
ਸਜਾ ਗਈ ਹੈ
ਨਾਸ਼ਤਾ ਵੀ
ਥਾਲੀ ’ਚ ਓਦਾਂ ਹੀ ਪਿਆ ਹੈ
ਚਾਹ ਠੰਢੀ ਸੀਤ ਹੋ ਗਈ
ਕੱਪ ’ਚ ਪਈ ਪਈ ਟੇਬਲ ’ਤੇ
ਦੇਖੋ ਘਰ ਦੇ ਮੀਨਾਰਾਂ ਦਾ ਵੀ
ਆਪਣੇ ਹੀ ਘਰ ਜੀਅ ਲੱਗਣੋ
ਹਟਦਾ ਜਾ ਰਿਹਾ ਹੈ!!