ਦਵਿੰਦਰ ਸਿੰਘ
ਯਮੁਨਾਨਗਰ, 25 ਜੁਲਾਈ
ਛਛਰੋਲੀ ਦੇ ਪਿੰਡ ਜੈਧਰ ਵਿੱਚ ਬਕਰੀਦ ਦੇ ਮੌਕੇ ਦੋ ਭਾਈਚਾਰਿਆਂ ਦਰਮਿਆਨ ਸ਼ੁਰੂ ਹੋਏ ਤਣਾਅ ਕਾਰਨ ਲੰਘੀ ਰਾਤ 18 ਸਾਲਾ ਜਿਸ਼ਾਨ ਨਾਂ ਦੇ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੂਜੇ ਭਾਈਚਾਰੇ ’ਤੇ ਖੁਦਕਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲਗਾਏ ਹਨ। ਅੱਜ ਲਾਸ਼ ਦੇ ਪੋਸਟਮਾਰਟਮ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ ਅਤੇ ਜਿਸ਼ਾਨ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਦੀ ਗ੍ਰਿਫ਼ਤਾਰੀ ਤੱਕ ਲਾਸ਼ ਨੂੰ ਲੈਣ ਤੋਂ ਨਾਂਹ ਕਰਨ ਲੱਗੇ। ਇਸ ਤਨਾਅ ਨੂੰ ਵੇਖਦਿਆਂ ਹਸਪਤਾਲ ਵਿਚ ਭਾਰੀ ਗਿਣਤੀ ਵਿੱਚ ਪੁਲੀਸ ਬਲ ਨੂੰ ਤੈਨਾਤ ਕੀਤਾ ਗਿਆ। ਇਸ ਦੌਰਾਨ ਸੁਪਰਡੈਂਟ ਪੁਲੀਸ ਨੇ ਕਿਹਾ ਕਿ ਬਕਰੀਦ ਮੌਕੇ ਹਿੰਦੂੂ ਸੰਗਠਨਾਂ ਵੱਲੋਂ ਜਿਹੜੀ ਐੱਫਆਈਆਰ ਦਰਜ ਕਰਵਾਈ ਗਈ ਸੀ, ਉਸ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਮ੍ਰਿਤਕ ਨੌਜਵਾਨ ਨੂੰ ਸਨਮਾਨਿਤ ਢੰਗ ਨਾਲ ਵਿਦਾਈ ਦੇਣ ਅਤੇ ਸ਼ਾਤੀ ਬਣਾਈ ਰੱਖਣ। ਪੁਲੀਸ ਅਧਿਕਾਰੀ ਨੇ ਕਿਸੇ ਤਰ੍ਹਾਂ ਦੀ ਪੰਚਾਇਤ ਕਰਨ ਤੋਂ ਮਨ੍ਹਾਂ ਕੀਤਾ। ਜ਼ਿਕਰਯੋਗ ਹੈ ਕਿ ਬਕਰੀਦ ਦੇ ਦਿਨ ਕੁੱਝ ਹਿੰਦੂ ਸੰਗਠਨਾਂ ਨੇ ਕੁਰਬਾਨੀ ਦਾ ਵਿਰੋਧ ਕੀਤਾ ਸੀ, ਕਿਸੇ ਸ਼ਰਾਰਤੀ ਅਨਸਰ ਨੇ ਮੌਕੇ ਦਾ ਫਾਇਦਾ ਚੁਕਦਿਆਂ ਇੱਕ ਹਿੰਦੂ ਦੇ ਘਰ ਬਾਹਰ ਮਾਸ ਸੁੱਟ ਦਿੱਤਾ ਸੀ। ਇਸ ਕਾਰਨ ਮ੍ਰਿਤਕ ਜਿਸ਼ਾਨ ਨੂੰ ਡਰ ਸੀ ਕਿ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਉਸ ਦਾ ਨਾਂ ਵੀ ਮੁੁਲਜ਼ਮਾਂ ਦੀ ਸੂਚੀ ਵਿੱਚ ਨਾ ਪਾ ਦਿੱਤਾ ਗਿਆ ਹੋਵੇ।