ਪੱਤਰ ਪ੍ਰੇਰਕ
ਯਮੁਨਾਨਗਰ, 19 ਅਗਸਤ
ਸਾਈਬਰ ਠੱਗਾਂ ਨੇ ਪ੍ਰੋਫੈਸਰ ਕਲੋਨੀ ਵਾਸੀ ਅਸ਼ਵਨੀ ਕੁਮਾਰ ਅੱਗਰਵਾਲ ਦੇ ਅਕਾਊਂਟ ਵਿੱਚੋਂ ਇੱਕ ਲੱਖ 43 ਹਜ਼ਾਰ 860 ਰੁਪਏ ਠੱਗ ਲਏ। ਪਿਛਲੇ 10 ਦਿਨਾਂ ਵਿੱਚ ਇਸ ਤਰ੍ਹਾਂ ਐਪ ਨਾਲ ਠੱਗੀ ਕਰਨ ਦਾ ਇਹ ਤੀਜਾ ਮਾਮਲਾ ਹੈ। ਇਸ ਤੋਂ ਪਹਿਲਾਂ ਵੀ ਸਾਈਬਰ ਠੱਗਾਂ ਨੇ ਦੋ ਵਿਅਕਤੀਆਂ ਤੋਂ ਲੱਖਾਂ ਰੁਪੇ ਠੱਗ ਲਏ ਸਨ। ਪੀੜਤ ਅਸ਼ਵਨੀ ਕੁਮਾਰ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਉਸ ਦਾ ਪੰਤਜਲੀ ਸਟੋਰ ਦੇ ਲਾਗੇ ਦਫਤਰ ਹੈ ੳਤੇ ਉਸ ਨੇ ਜੀਓ ਕੰਪਨੀ ਦਾ ਫਾਈਬਰ ਕੁਨੈਕਸ਼ਨ ਲਿਆ ਹੋਇਆ ਹੈ ਜੋ ਕਿ ਪਿਛਲੇ 10 ਦਿਨਾਂ ਕੰਮ ਨਹੀਂ ਕਰ ਰਿਹਾ ਸੀ ਜਿਸ ਲਈ ਉਸ ਨੇ ਟੋਲ ਫ੍ਰੀ ਨੰਬਰ ਤੇ ਫੋਨ ਕਰਕੇ ਸ਼ਿਕਾਇਤ ਦਰਜ ਕਰਵਾਈ। ਕੁਝ ਸਮਾਂ ਬਾਅਦ ਇੱਕ ਵਿਅਕਤੀ ਦਾ ਫੋਨ ਆਇਆ ਅਤੇ ਉਸ ਨੇ ਨੈੱਟ ਬੈਂਕਿੰਗ ਦੇ ਰਾਹੀਂ 10 ਰੁਪਏ ਦਾ ਰਿਚਾਰਜ ਕਰਨ ਲਈ ਕਿਹਾ। ਜਿਵੇਂ ਹੀ ਉਸ ਨੇ 10 ਰੁਪਏ ਦਾ ਰੀਚਾਰਜ ਕੀਤਾ ਤਾਂ ਉਸ ਦੇ ਖਾਤੇ ਵਿੱਚੋਂ 143860 ਨਿਕਲ ਗਏ। ਜਦੋਂ ਉਸ ਨੇ ਮੋਬਾਈਲ ਤੇ ਮੈਸੇਜ ਵੇਖਿਆ ਤਾਂ ਇਸ ਸਬੰਧ ਵਿੱਚ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਜਾਂਚ ਅਧਿਕਾਰੀ ਸੁਖਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।