ਗੁਰਦੀਪ ਸਿੰਘ ਭੱਟੀ
ਟੋਹਾਣਾ, 5 ਜੂਨ
‘ਸਾਨੂੰ ਕਿਸਾਨ ਅੰਦੋਲਨ ਦੀ ਚਿੰਤਾ ਹੈ, ਪਰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਮੁੱਖ ਮੰਤਰੀ ਬਣਨ ਲਈ ਕਿਸਾਨਾਂ ਸਬੰਧੀ ਬਿਆਨਬਾਜ਼ੀ ਕਰ ਕੇ ਮੁੱਖ ਮੰਤਰੀ ਖੱਟਰ ਨੂੰ ਪਛਾੜਨ ’ਚ ਰੁਚੀ ਹੈ।’ ਇਹ ਦਾਅਵਾ ਰਾਕੇਸ਼ ਟਿਕੈਤ ਨੇ ਅਨਾਜ ਮੰਡੀ ਵਿੱਚ ਇੱਥੋਂ ਦੇ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਵਿਰੁੱਧ ਕੀਤੀ ਗਈ ਜਨਤਕ ਸਭਾ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਦਿੱਲੀ ਤੋਂ ਹਰਿਆਣਾ ਵਿੱਚ ਅੰਦੋਲਨ ਬਦਲਣ ਦੀ ਚਾਲ ਸਫ਼ਲ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਲ 2024 ਤੋਂ ਪਹਿਲਾਂ ਹਰ ਸਾਲ 26 ਜਨਵਰੀ ਨੂੰ ਦਿੱਲੀ ਵਿੱਚ ਚਾਰ ਲੱਖ ਟਰੈਕਟਰਾਂ ਨਾਲ ਮਾਰਚ ਹੋਇਆ ਕਰੇਗਾ। ਉਨ੍ਹਾਂ ਕਿਸਾਨ ਅੰਦੋਲਨ ਨੂੰ ਹਿੰਸਾ ਤੋਂ ਦੂਰ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਸੰਯੁਕਤ ਮੋਰਚੇ ਬਾਰੇ ਭਾਜਪਾ ਦੀਆਂ ਏਜੰਸੀਆਂ ਵੱਲੋਂ ਫੁੱਟ ਪਾਉਣ ਦੀਆਂ ਝੂਠੀਆਂ ਅਫ਼ਵਾਹਾਂ ’ਤੇ ਯਕੀਨ ਨਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਬਾਰੇ ਸਾਂਝੇ ਮੋਰਚੇ ਵੱਲੋਂ ਭਾਜਪਾ ਨੂੰ ਠਿੱਬੀ ਲਾਉਣ ਲਈ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਆਧਾਰ ’ਤੇ ਨੀਤੀ ਤਿਆਰ ਤੇ ਜਲਦੀ ਜਨਤਕ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਗੁਰਨਾਮ ਸਿੰਘ ਚੜੂਨੀ ਨੇ ਵਿਧਾਇਕ ਬਬਲੀ ਦੇ ਸਹਾਇਕ ਨੂੰ ਲੱਗੀ ਸੱਟ ਦੀ ਦਿੱਲੀ ਦੇ ਡਾਕਟਰਾਂ ਤੋਂ ਜਾਂਚ ਮੰਗੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਹਸਪਤਾਲ ਦੇ ਇੱਕ ਡਾਕਟਰ ਨੇ ਵਿਧਾਇਕ ਦੇ ਦਬਾਅ ’ਤੇ ਧੌਣ ’ਤੇ ਕੱਟ ਮਾਰ ਕੇ ਜ਼ਖ਼ਮ ਦਾ ਮੈਡੀਕਲ ਸਰਟੀਫਿਕੇਟ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਦੀ ਮੰਗ ਹੈ ਕਿ ਡਾਕਟਰ ਵਿਰੁੱਧ ਕੇਸ ਦਰਜ ਕੀਤਾ ਜਾਵੇ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੇ ਯੁੱਧਵੀਰ ਸਿੰਘ, ਯੋਗੇਂਦਰ ਯਾਦਵ, ਜਗਦੀਸ਼ ਪਹਿਲਵਾਨ, ਜੁਗਿੰਦਰ ਨੈਨ ਤੇ ਹੋਰ ਕਿਸਾਨ ਨੇਤਾਵਾਂ ਵੱਲੋਂ ਸੰਬੋਧਨ ਕਰਨ ਤੋਂ ਬਾਅਦ ਰਾਕੇਸ਼ ਟਿਕੈਤ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨਾਂ ਨੇ ਸਦਰ ਥਾਣੇ ਨੂੰ ਘੇਰ ਕੇ ਗ੍ਰਿਫ਼ਤਾਰੀਆਂ ਕਰਨ ਲਈ ਕਿਹਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੇ ਰਾਕੇਸ਼ ਟਿਕੈਤ ਵੱਲੋਂ ਗ੍ਰਿਫ਼ਤਾਰੀ ਦੇਣ ਲਈ ਸਦਰ ਥਾਣੇ ਦੇ ਘਿਰਾਓ ਮਗਰੋਂ ਕਿਸਾਨਾਂ ਦੀ 13 ਮੈਂਬਰੀ ਕਮੇਟੀ ਤੇ ਵਿਧਾਇਕ ਦਵਿੰਦਰ ਬਬਲੀ ਦੀ ਗੱਲਬਾਤ ਤੋਂ ਬਾਅਦ 33 ਸਕਿੰਟ ਦੀ ਵੀਡੀਓ ਜਾਰੀ ਕੀਤੀ ਗਈ ਜਿਸ ਨਾਲ ਵਿਧਾਇਕ ਤੇ ਕਿਸਾਨਾਂ ’ਚ ਚੱਲ ਰਿਹਾ ਵਿਵਾਦ ਖ਼ਤਮ ਹੋ ਗਿਆ। ਜਾਣਕਾਰੀ ਮੁਤਾਬਕ ਇਸ ਵੀਡੀਓ ਵਿੱਚ ਵਿਧਾਇਕ ਬਬਲੀ ਨੇ ਕਿਹਾ ਕਿ 1 ਜੂਨ ਨੂੰ ਜੋ ਵੀ ਹੋਇਆ, ਉਹ ਕਿਸਾਨਾਂ ਨੂੰ ਆਪਣੇ ਵੱਲੋਂ ਮੁਆਫ਼ ਕਰਦੇ ਹਨ। ਉਨ੍ਹਾਂ (ਵਿਧਾਇਕ ਬਬਲੀ) ਦੇ ਮੂੰਹੋਂ ਜੋ ਸ਼ਬਦ ਨਿਕਲੇ, ਉਹ ਸ਼ੋਭਾਜਨਕ ਨਹੀਂ ਸਨ। ਉਹ ਜਨਪ੍ਰਤੀਨਿਧੀ ਹਨ। ਉਹ ਸ਼ਬਦ ਵਾਪਸ ਲੈਂਦੇ ਹੋਏ ਅਫ਼ਸੋਸ ਪ੍ਰਗਟ ਕਰਦੇ ਹਨ। ਬਲੀਆਂਵਾਲਾ ਰੈਸਟ ਹਾਊਸ ਵਿੱਚ ਕਿਸਾਨ ਪੰਚਾਇਤ ਤੇ ਵਿਧਾਇਕ ਬਬਲੀ ਵਿਚਕਾਰ ਪੰਚਾਇਤੀ ਫ਼ੈਸਲੇ ਨਾਲ ਇਸ ਵਿਵਾਦ ਦਾ ਨਿਪਟਾਰਾ ਹੋ ਗਿਆ।