ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 22 ਮਈ
ਸਾਬਕਾ ਗ੍ਰਹਿ ਮੰਤਰੀ ਅਤੇ ਛਾਉਣੀ ਹਲਕੇ ਤੋਂ ਵਿਧਾਇਕ ਅਨਿਲ ਵਿੱਜ ਅੱਜ-ਕੱਲ੍ਹ ਭਾਜਪਾ ਉਮੀਦਵਾਰ ਬੰਤੋ ਕਟਾਰੀਆ ਲਈ ਸਵੇਰ ਤੋਂ ਸ਼ਾਮ ਤੱਕ ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ। ਕੱਲ੍ਹ ਜਦੋਂ ਉਨ੍ਹਾਂ ਨੇ ਪੰਜੋਖਰਾ ਸਾਹਿਬ, ਬਰਨਾਲਾ, ਗਰਨਾਲਾ ਆਦਿ ਪਿੰਡਾਂ ਦਾ ਦੌਰਾ ਕੀਤਾ ਤਾਂ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਸਵਾਲ ਕੀਤੇ। ਅੱਜ ਜਦੋਂ ਉਹ ਕੈਂਟ ਦੇ ਨਾਲ ਲਗਦੇ ਪਿੰਡ ਬਾੜਾ ਵਿਚ ਗਏ ਤਾਂ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਰੋਕ ਖੜ੍ਹੀ ਕਰ ਕੇ ਉਹ ਸੜਕ ਹੀ ਬੰਦ ਕਰ ਦਿੱਤੀ ਜਿਸ ਤੋਂ ਵਿੱਜ ਜਾ ਰਹੇ ਸਨ। ਸੂਚਨਾ ਮਿਲਣ ’ਤੇ ਭਾਰੀ ਪੁਲੀਸ ਬਲ ਬਾੜਾ ਪਿੰਡ ਪਹੁੰਚਿਆ ਅਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕ ਵਿੱਜ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ।