ਰਤਨ ਸਿੰਘ ਢਿੱਲੋਂ
ਅੰਬਾਲਾ, 8 ਫਰਵਰੀ
ਇੱਥੇ ਹਿੰਦੂ ਭਾਈਚਾਰੇ ਵਿਚ ਅੱਜ ਹੋਏ ਅਨੋਖੇ ਵਿਆਹ ਦੀ ਸਾਰੇ ਸ਼ਹਿਰ ’ਚ ਚਰਚਾ ਹੈ। ਇਸ ਵਿਆਹ ਵਿਚ ਪੇਸ਼ੇ ਤੋਂ ਵਕੀਲ ਲੜਕੀ ਪ੍ਰਿਆ ਘੋੜੀ ’ਤੇ ਸਵਾਰ ਹੋ ਕੇ ਲੜਕੇ ਨੂੰ ਵਿਆਹੁਣ ਲਈ ਪਹੁੰਚੀ।
ਜਦੋਂ ਲੜਕੀ ਦੇ ਪਿਤਾ ਬਸੰਤ ਵਿਹਾਰ ਗੀਤਾ ਨਗਰੀ ਨਿਵਾਸੀ ਨਰਿੰਦਰ ਅਗਰਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਮਾਜ ਨੂੰ ਇੱਕੋ ਸੰਦੇਸ਼ ਹੈ ਕਿ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਮਾਣ-ਸਨਮਾਨ ਦਿੱਤਾ ਜਾਵੇ। ਉਨ੍ਹਾਂ ਆਪਣੀ ਧੀ ਨੂੰ ਜਨਮ ਤੋਂ ਹੀ ਮੁੰਡਿਆਂ ਵਾਂਗ ਰੱਖਿਆ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਜੇ ਧੀਆਂ ਦਾ ਸਾਥ ਮਾਂ-ਪਿਓ ਦੇਣ ਤਾਂ ਉਹ ਬਹੁਤ ਉਚਾਈ ਤੱਕ ਪਹੁੰਚ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਕ ਪੁੱਤਰ ਅਤੇ ਇਕ ਧੀ ਹੈ।
ਪ੍ਰਿਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਬਹੁਤ ਖ਼ੁਸ਼ੀ ਹੈ ਕਿ ਉਹ ਘੋੜੀ ’ਤੇ ਸਵਾਰ ਹੋ ਕੇ ਬਾਰਾਤ ਲੈ ਕੇ ਪਹੁੰਚੀ ਹੈ। ਉਸ ਨੇ ਆਪਣੇ ਮਾਪਿਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜਦੋਂ ਉਹ ਲਾਅ ਕਰ ਰਹੀ ਸੀ ਤਾਂ ਸਾਰਿਆਂ ਨੇ ਕਿਹਾ ਸੀ ਕਿ ਕੁੜੀ ਨੂੰ ਲਾਅ ਨਾ ਕਰਾਓ, ਇਸ ਦਾ ਰਿਸ਼ਤਾ ਨਹੀਂ ਹੋਵੇਗਾ ਪਰੰਤੂ ਮਾਪਿਆਂ ਨੇ ਪ੍ਰਵਾਹ ਨਾ ਕਰਦਿਆਂ ਉਸ ਨੂੰ ਵਕਾਲਤ ਦੀ ਪੜ੍ਹਾਈ ਕਰਵਾਈ ਅਤੇ ਪੁੱਤਰਾਂ ਵਾਂਗ ਪਿਆਰ ਦਿੱਤਾ। ਪ੍ਰਿਆ ਨੇ ਦੂਜੀਆਂ ਲੜਕੀਆਂ ਲਈ ਸੰਦੇਸ਼ ਦਿੱਤਾ ਕਿ ਉਨ੍ਹਾਂ ਨੂੰ ਮਾਂ-ਬਾਪ ਦੀ ਵੀ ਸੁਣਨੀ ਚਾਹੀਦੀ ਹੈ।