ਆਤਿਸ਼ ਗੁਪਤਾ
ਚੰਡੀਗੜ੍ਹ, 27 ਅਪਰੈਲ
ਮੁੱਖ ਅੰਸ਼
- ਚਾਰ ਆਗੂਆਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ
- ਕੁਮਾਰੀ ਸ਼ੈਲਜਾ ਦਾ ਅਸਤੀਫ਼ਾ ਮਨਜ਼ੂਰ
ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦੇ ਨਜ਼ਦੀਕੀ ਅਤੇ ਚਾਰ ਵਾਰ ਵਿਧਾਇਕ ਰਹਿ ਚੁੱਕੇ ਉਦੈ ਭਾਨ ਨੂੰ ਹਰਿਆਣਾ ਕਾਂਗਰਸ ਦਾ ਨਵਾਂ ਪ੍ਰਧਾਨ ਐਲਾਨਿਆ ਹੈ। ਕਾਂਗਰਸ ਹਾਈਕਮਾਨ ਨੇ ਹਰਿਆਣਾ ਕਾਂਗਰਸ ਵਿੱਚ ਚੱਲ ਰਹੀ ਗੁੱਟਬਾਜ਼ੀ ਨੂੰ ਖਤਮ ਕਰਨ ਲਈ ਨਵੇਂ ਪ੍ਰਧਾਨ ਦੇ ਨਾਲ-ਨਾਲ ਚਾਰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਹਨ ਜਿਨ੍ਹਾਂ ’ਚ ਸ਼ਰੁਤੀ ਚੌਧਰੀ, ਰਾਮ ਕਿਸ਼ਨ ਗੁੱਜਰ, ਜੀਤਇੰਦਰ ਕੁਮਾਰ ਭਾਰਦਵਾਜ ਅਤੇ ਸੁਰੇਸ਼ ਗੁਪਤਾ ਸ਼ਾਮਲ ਹਨ। ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਪੱਤਰ ਜਾਰੀ ਕਰਕੇ ਇਹ ਹਰਿਆਣਾ ਕਾਂਗਰਸ ’ਚ ਬਦਲਾਅ ਦਾ ਐਲਾਨ ਕੀਤਾ ਹੈ। ਉਨ੍ਹਾਂ ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਉਂਜ ਕਾਂਗਰਸ ਹਾਈਕਮਾਨ ਨੇ ਕੁਮਾਰੀ ਸ਼ੈਲਜਾ ਦੇ ਕੰਮਕਾਜ ਦੀ ਸ਼ਲਾਘਾ ਕੀਤੀ ਹੈ। ਹਾਈਕਮਾਨ ਵੱਲੋਂ ਹਰ ਧੜੇ ਨੂੰ ਰਾਜ਼ੀ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਪ੍ਰਦੇਸ਼ ਇਕਾਈ ਦੇ ਆਗੂਆਂ ’ਚ ਖਟਾਸ ਨਜ਼ਰ ਆ ਰਹੀ ਸੀ। ਇਸ ਦੌਰਾਨ ਹੁੱਡਾ ਅਤੇ ਸ਼ੈਲਜਾ ਸਣੇ ਹੋਰ ਕਈ ਆਗੂ ਆਹਮੋ-ਸਾਹਮਣੇ ਖੜ੍ਹੇ ਦਿਖਾਈ ਦਿੱਤੇ ਸਨ। ਹੁਣ ਹਰਿਆਣਾ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਅਤੇ ਪਾਰਟੀ ਨੂੰ ਸੂਬੇ ਵਿੱਚ ਮਜ਼ਬੂਤ ਕਰਨ ਲਈ ਹਾਈਕਮਾਨ ਨੇ ਉਦੈ ਭਾਨ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ। ਵੈਸੇ ਉਦੈ ਭਾਨ ਨੂੰ ਪ੍ਰਧਾਨ ਐਲਾਨੇ ਜਾਣ ਨਾਲ ਹੁੱਡਾ ਦਾ ਧੜਾ ਹੋਰ ਮਜ਼ਬੂਤ ਹੋ ਗਿਆ ਹੈ। ਉਦੈ ਭਾਨ ਤਿੰਨ ਵਾਰ ਹੁਸੈਨਪੁਰ ਅਤੇ ਇਕ ਵਾਰ ਹੋਡਲ ਤੋਂ ਵਿਧਾਇਕ ਚੁਣੇ ਜਾ ਚੁੱਕੇ ਹਨ। ਉਹ 1989 ਤੋਂ 1993 ਤੱਕ ਸਹਿਕਾਰੀ ਸਭਾ ਦੇ ਚੇਅਰਮੈਨ, ਸਾਲ 1997 ਤੋਂ 2000 ਤੱਕ ਜ਼ਿਲ੍ਹਾ ਕਾਂਗਰਸ ਕਮੇਟੀ ਫਰੀਦਾਬਾਦ ਦਿਹਾਤੀ ਦੇ ਪ੍ਰਧਾਨ ਸਣੇ ਵੱਖ-ਵੱਖ ਅਹੁਦਿਆਂ ’ਤੇ ਰਹਿ ਚੁੱਕੇ ਹਨ।