ਅੰਬਾਲਾ: ਸ਼ਹਿਰ ਦੇ ਬੱਸ ਸਟੈਂਡ ਸਾਹਮਣੇ ਕੱਪੜਾ ਮਾਰਕੀਟ ਵਿਚ ਸਾਹਿਬ ਕੁਲੈਕਸ਼ਨ ਨਾਂ ਦੀ ਕੱਪੜਿਆਂ ਦੀ ਦੋ ਮੰਜ਼ਿਲਾ ਦੁਕਾਨ ਨੂੰ ਅੱਗ ਲੱਗ ਗਈ, ਜਿਸ ਵਿੱਚ ਲਗਪਗ ਚਾਲੀ ਲੱਖ ਰੁਪਏ ਮੁੱਲ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ। ਇਹ ਘਟਨਾ ਵੀਰਵਾਰ ਸ਼ਾਮ ਲਗਪਗ 7.15 ਵਜੇ ਦੀ ਹੈ। ਹਾਲਾਂਕਿ ਕੱਪੜਾ ਮਾਰਕੀਟ ਇਸ ਦਿਨ ਬੰਦ ਹੁੰਦੀ ਹੈ। ਦੁਕਾਨਦਾਰ ਨੇ ਆਪਣੀ ਦੁਕਾਨ ਕੁਝ ਸਮੇਂ ਲਈ ਖੋਲ੍ਹੀ ਸੀ। ਉਨ੍ਹਾਂ ਦੇ ਦੁਕਾਨ ਬੰਦ ਕਰ ਕੇ ਜਾਣ ਮਗਰੋਂ ਮਾਰਕੀਟ ਵਿੱਚ ਧੂੰਆਂ ਫੈਲ ਗਿਆ। ਅੱਗ ਏਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੂੰ ਦੋ ਗੇੜੇ ਲਾਉਣੇ ਪਏ ਅਤੇ ਰਾਤ ਲਗਪਗ 9 ਵਜੇ ਤੱਕ ਅੱਗ ਬੁਝਾਉਣ ਲਈ ਸਖ਼ਤ ਮੁਸ਼ੱਕਤ ਕਰਦੇ ਰਹੇ। ਮਾਲਕ ਤੇਜਪਾਲ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ। -ਨਿੱਜੀ ਪੱਤਰ ਪ੍ਰੇਰਕ