ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 8 ਦਸੰਬਰ
ਜੀਆਰਪੀ ਨੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਸਾਧੂਆਂ ਦੇ ਭੇਸ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ 19 ਕਿੱਲੋ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿਛ ਦੌਰਾਨ ਦੋਹਾਂ ਮੁਲਜ਼ਮਾਂ ਦੀ ਪਛਾਣ ਲੁਧਿਆਣਾ ਦੀ ਚਿੱਟੀ ਕਲੋਨੀ, ਹਜ਼ੂਰੀ ਬਾਗ, ਥਾਣਾ ਸਲੇਮ ਟਾਬਰੀ ਦੇ ਵਸਨੀਕ ਸ਼ੌਕੀ ਅਤੇ ਸੰਨੀ ਵਜੋਂ ਹੋਈ ਹੈ।
ਜੀਆਰਪੀ ਨੂੰ ਸੂਚਨਾ ਮਿਲੀ ਸੀ ਕਿ ਦੋ ਸਕੇ ਭਰਾ ਸਾਧੂਆਂ ਦੇ ਭੇਸ ਵਿੱਚ ਭੀਖ ਮੰਗਣ ਦੇ ਬਹਾਨੇ ਗੱਡੀਆਂ ਵਿਚ ਅਤੇ ਰੇਲਵੇ ਸਟੇਸ਼ਨ ’ਤੇ ਮੁਸਾਫ਼ਰਾਂ ਅਤੇ ਹੋਰ ਲੋਕਾਂ ਨੂੰ ਚੂਰਾ ਪੋਸਤ ਵੇਚਦੇ ਹਨ। ਲੰਘੀ ਦੇਰ ਰਾਤ ਫੜੇ ਗਏ ਇਨ੍ਹਾਂ ਮੁਲਜ਼ਮਾਂ ਦਾ ਅੱਜ ਸਿਵਲ ਹਸਪਤਾਲ ਅੰਬਾਲਾ ਕੈਂਟ ਵਿੱਚ ਮੈਡੀਕਲ ਕਰਵਾਇਆ ਗਿਆ।