ਰਤਨ ਸਿੰਘ ਢਿੱਲੋਂ
ਅੰਬਾਲਾ, 26 ਜੁਲਾਈ
ਹਰਿਦੁਆਰ ਤੋਂ ਕਾਂਵੜ ਲੈ ਕੇ ਆ ਰਹੇ ਦੋ ਕਾਂਵੜੀਏ ਹਾਈ ਟੈਨਸ਼ਨ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਝੁਲਸ ਗਏ ਜਦੋਂ ਕਿ ਉਨ੍ਹਾਂ ਦੇ ਚਾਰ ਸਾਥੀ ਵਾਲ-ਵਾਲ ਬਚ ਗਏ। ਗੰਭੀਰ ਰੂਪ ਵਿਚ ਝੁਲਸੇ ਕਾਂਵੜੀਆਂ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਦੋਹਾਂ ਕਾਂਵੜੀਆਂ ਦੀ ਪਛਾਣ ਅੰਬਾਲਾ ਕੈਂਟ ਦੇ ਖਟੀਕ ਮੰਡੀ ਵਾਸੀ ਹਿਮਾਂਸ਼ੂ (22) ਪੁੱਤਰ ਰਮੇਸ਼ ਕੁਮਾਰ ਅਤੇ ਗਵਾਲ ਮੰਡੀ ਵਾਸੀ ਤਿਲਕ ਰਾਜ ਪੁੱਤਰ ਕੱਨ੍ਹਈਆ ਲਾਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅੰਬਾਲਾ ਕੈਂਟ ਤੋਂ 12 ਲੜਕਿਆਂ ਦਾ ਜਥਾ ਹਰਿਦੁਆਰ ਕਾਂਵੜ ਲੈਣ ਗਿਆ ਸੀ। ਹਿਮਾਂਸ਼ੂ ਅਤੇ ਤਿਲਕ ਆਪਣੇ ਸਾਥੀਆਂ ਨਾਲ ਹਰਿ ਕੀ ਪੌੜੀ ਤੋਂ ਗੰਗਾ ਜਲ ਲੈ ਕੇ 18 ਜੁਲਾਈ ਨੂੰ ਅੰਬਾਲਾ ਲਈ ਚੱਲੇ ਸਨ। ਲੰਘੀ ਰਾਤ ਜਦੋਂ ਉਹ ਅੰਬਾਲਾ ਕੈਂਟ ਦੇ ਇੰਡਸਟਰੀਅਲ ਏਰੀਆ ਕੋਲ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੀ ਉੱਚੀ ਕਾਂਵੜ ਸੜਕ ਉੱਤੋਂ ਲੰਘ ਰਹੀ 66ਕੇਵੀ ਬਿਜਲੀ ਦੀ ਹਾਈ ਵੋਲਟੇਜ ਤਾਰ ਦੀ ਲਪੇਟ ਵਿਚ ਆ ਗਈ। ਇਸ ਹਾਦਸੇ ਵਿੱਚ ਹਿਮਾਂਸ਼ੂ ਅਤੇ ਤਿਲਕ ਰਾਜ ਨੂੰ ਕਰੰਟ ਲੱਗ ਗਿਆ। ਗੰਭੀਰ ਹਾਲਤ ਵਿਚ ਝੁਲਸੇ ਦੋਹਾਂ ਕਾਂਵੜੀਆਂ ਨੂੰ ਇੰਡਸਟਰੀਅਲ ਏਰੀਆ ਵਿਚ ਲੱਗੇ ਕੈਂਪ ਦੇ ਸੰਚਾਲਕਾਂ ਨੇ ਆਪਣੀ ਕਾਰ ਵਿੱਚ ਸਿਵਲ ਹਸਪਤਾਲ ਅੰਬਾਲਾ ਕੈਂਟ ਪਹੁੰਚਾਇਆ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।