ਗੁਰਦੀਪ ਸਿੰਘ ਭੱਟੀ
ਟੋਹਾਣਾ, 7 ਫਰਵਰੀ
ਕਿਸਾਨ ਅੰਦੋਲਨ ਦੌਰਾਨ ਟਿਕਰੀ ਬਾਰਡਰ ’ਤੇ ਪਿੰਡ ਸਮੈਣ ਦੇ ਸਮਸਰ ਸਿੰਘ ਨੂੰ ਟੋਹਾਣਾ ਦੇ ਟਾਊਨ ਪਾਰਕ ਦੇ ਕੈਂਪ ਵਿੱਚ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਸ਼ਰਧਾਂਜਲੀਆਂ ਦਿੱਤੀਆਂ ਤੇ ਪੀੜਤ ਪਰਿਵਾਰ ਨੂੰ ਭਵਿੱਖ ਵਿੱਚ ਹਰ ਸੰਭਵ ਮਦਦ ਤੇ ਦੁੱਖ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ। ਅਨਾਜ ਮੰਡੀ ਟੋਹਾਣਾ ਦੇ ਪ੍ਰਧਾਨ ਮਾਸਟਰ ਰਘੂਵੀਰ ਸਿੰਘ ਵੱਲੋ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਵਿੱਚ ਸ਼ਹੀਦ ਕਿਸਾਨ ਦੀ ਪਤਨੀ ਰਾਮਰੱਤੀ ਤੇ ਉਸਦੀ ਭਰਜਾਈ ਤੋਂ ਇਲਾਵਾ ਪਰਿਵਾਰ ਦੇ ਮੈਂਬਰ ਪੁੱਜੇ। ਸ਼ਹੀਦ ਕਿਸਾਨ ਸਮਸ਼ੇਰ ਸਿੰਘ ਦੇ ਸਾਲੇ ਰਮੇਸ਼ ਜਾਂਡਲੀ ਨੇ ਪਰਿਵਾਰ ਬਾਰੇ ਜਾਣਕਾਰੀ ਦਿੱਤੀ। ਕਿਸਾਨ ਆਗੂ ਕੋਰ ਸਿੰਘ ਧਾਰਸੂਲ, ਭਾਰਤੀ ਕਿਸਾਨ ਯੂਨੀਅਨ ਦੇ ਸੂਬੇ ਸਿੰਘ ਆਰੀਆ, ਮਾਛਿੰਦਰ ਸਿੰਘ, ਧਰਮਪਾਲ ਸਿੰਘ, ਗੁਰਦਿਆਲ ਸਿੰਘ, ਰਮਨਦੀਪ ਸਿੰਘ, ਗਿਆਨ ਸਿੰਘ, ਸਾਬਕਾ ਮੰਤਰੀ ਪਰਮਵੀਰ ਸਿੰਘ, ਅਜੈ ਝਾਝੜਾ ਨੇ ਪਰਿਵਾਰ ਨਾਲ ਡੁੰਘੀ ਹਮਦਰਦੀ ਜ਼ਾਹਿਰ ਕੀਤੀ। ਸਾਬਕਾ ਮੰਤਰੀ ਪਰਮਵੀਰ ਸਿੰਘ ਨੇ ਕਿਹਾ ਕਿ ਉਹ ਕਿਸਾਨ ਦਾ ਬੇਟਾ ਹੈ ਉਸਨੇ ਵੀ ਮਦਦ ਦਾ ਭਰੋਸਾ ਦਿੱਤਾ।
ਇਨੈਲੋ ਸੂਬੇ ’ਚ ਕਿਸਾਨ ਸੰਪਰਕ ਮੁਹਿੰਮ ਚਲਾਏਗੀ: ਅਭੈ ਚੌਟਾਲਾ
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਵਿਧਾਨ ਸਭਾ ਤੋਂ ਅਸਤੀਫ਼ਾ ਦੇਣ ਵਾਲੇ ਇਨੈਲੋ ਆਗੂ ਅਭੈ ਚੌਟਾਲਾ ਇਥੋਂ ਦੇ ਸਭ ਤੋਂ ਵੱਡੇ ਪਿੰਡ ਸਮੈਣ ਪੁੱਜੇ। ਉਨ੍ਹਾਂ ਨੇ ਕਿਸਾਨੀ ਅੰਦੋਲਨ ਦੌਰਾਨ ਟਿਕਰੀ ਬਾਰਡਰ ’ਤੇ ਮਾਰੇ ਗਏ ਸਮੈਣ ਦੇ ਕਿਸਾਨ ਸਮਸ਼ੇਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪ੍ਰੈੱਸ ਵਾਰਤਾਂ ਵਿੱਚ ਕਿਹਾ ਕਿ ਮੈਂ ਖੇਤੀ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਅਸਤੀਫ਼ਾ ਦੇ ਕੇ ਉਨ੍ਹਾਂ ਨਾਲ ਖੜ੍ਹਾਂ ਹਾਂ। ਮੈਂ ਸਿਰਸਾ ਜ਼ਿਲ੍ਹੇ ਵਿੱਚ ਦੋ ਕਿਸਾਨ ਸਭਾਵਾਂ ਕਰ ਚੁੱਕਾ ਹਾਂ। ਕਿਸਾਨਾਂ ਨਾਲ 22 ਜ਼ਿਲ੍ਹਿਆਂ ਤੋ ਬਾਅਦ ਅਗਲੇ ਚਰਨ ਵਿੱਚ ਵਿਧਾਨ ਸਭਾ ਦੇ ਚਾਰ-ਚਾਰ ਪਿੰਡਾਂ ਵਿੱਚ ਕਿਸਾਨਾਂ ਨੂੰ ਮਿਲ ਕੇ ਮਜ਼ਬੂਤੀ ਨਾਲ ਕਿਸਾਨੀ ਅੰਦੋਲਨ ਨਾਲ ਕੇਂਦਰ ਸਰਕਾਰ ਦੀ ਘੇਰਾਬੰਦੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੂੰ ਐੱਮਐੱਸਪੀ ਨੂੰ ਕਾਨੂੰਨੀ ਦਰਜਾ, ਖੇਤੀ ਕਾਨੂੰਨ ਵਾਪਸ ਲੈਣ, ਕਿਸਾਨੀ ਕਰਜ਼ਾ ਮੁਆਫ਼ ਕਰਨ ਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਲਈ ਮਜਬੂਰ ਕੀਤਾ ਜਾਵੇਗਾ। ਵਿਰੋਧੀ ਵਿਧਾਇਕਾਂ ਵੱਲੋ ਵਿਧਾਨ ਸਭਾ ਵਿੱਚ ਕਿਸਾਨਾਂ ਦਾ ਮੁੱਦਾ ਉਠਾਉਣ ’ਤੇ ਉਨ੍ਹਾਂ ਕਿਹਾ ਕਿ ਮੱਝ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ। ਅਭੈ ਨੇ ਕਿਹਾ ਕਿ ਚੋਣਾਂ ਤੱਕ ਵਿਧਾਇਕ ਕਿਸਾਨਾ ਨਾਲ ਸਨ, ਹੁਣ ਵਿਧਾਇਕਾਂ ਦੀ ਹਾਲਤ ਇਹ ਹੈ ਕਿ ਉਨ੍ਹਾਂ ਨੂੰ ਕਿਸਾਨ ਪਰਿਵਾਰ ਸ਼ਾਦੀ ਦਾ ਕਾਰਡ ਦੇਣ ਲਈ ਤਿਆਰ ਨਹੀਂਂ। ਉਨ੍ਹਾਂ ਨੇ ਜਜਪਾ ਦੇ ਸੂਬਾ ਪ੍ਰਧਾਨ ਤੇ ਉਪਮੁੱਖਮੰਤਰੀ ਦੁਸ਼ਅੰਤ ਚੌਟਾਲਾ ਵੱਲੋਂ ਕਿਸਾਨੀ ਅੰਦੋਲਨ ਤੋਂ ਦੂਰ ਜਾਣ ’ਤੇ ਉਨ੍ਹਾਂ ਕਿਹਾ ਕਿ ਜਿਸਦੀ ਜੈਸੀ ਸੋਚ ਹੈ ਉਹ ਉਸ ਤਰ੍ਹਾਂ ਹੀ ਕਰੇਗਾ।