ਦਵਿੰਦਰ ਸਿੰਘ
ਯਮੁਨਾਨਗਰ, 19 ਸਤੰਬਰ
ਇਥੇ ਪੱਛਮੀ ਯਮੁਨਾ ਨਹਿਰ ਦੇ ਹਮੀਦਾ ਹੈੱਡ ’ਤੇ ਮਾਮੇ ਦੀਆਂ ਅਸਥੀਆਂ ਜਲ -ਪ੍ਰਵਾਹ ਕਰਨ ਗਿਆ ਨੌਜਵਾਨ ਡੁੱਬ ਗਿਆ। ਉਸ ਨੂੰ ਬਚਾਉਣ ਲਈ ਗੋਤਾਖੋਰਾਂ ਸਮੇਤ ਛੇ ਵਿਅਕਤੀ ਕਿਸ਼ਤੀ ਵਿੱਚ ਸਵਾਰ ਹੋ ਕੇ ਨਹਿਰ ਵਿੱਚ ਉੱਤਰੇ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਕਿਸ਼ਤੀ ਪਲਟ ਗਈ ਅਤੇ ਉਹ ਵੀ ਰੁੜ੍ਹ ਗਏ। ਕਿਸ਼ਤੀ ਸਵਾਰਾਂ ਵਿੱਚੋਂ ਚਾਰ ਵਿਅਕਤੀਆਂ ਨੂੰ ਬਚਾ ਲਿਆ ਗਿਆ, ਜਦ ਕਿ ਬਾਕੀ ਤਿੰਨ ਨੌਜਵਾਨਾਂ ਦੀ ਪੁਲੀਸ ਅਤੇ ਗੋਤਾਖੋਰ ਟੀਮ ਭਾਲ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਕੈਂਪ ਵਾਸੀ ਸਤਿੰਦਰ ਆਪਣੇ ਮਾਮੇ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਹਮੀਦਾ ਹੈੱਡ ’ਤੇ ਆਇਆ ਸੀ। ਇਸ ਦੌਰਾਨ ਪੈਰ ਤਿਲਕਣ ਕਾਰਨ ਉਹ ਰੁੜ੍ਹ ਗਿਆ। ਰੌਲਾ ਸੁਣ ਕੇ ਨਹਿਰ ’ਤੇ ਗਣਪਤੀ ਵਿਸਰਜਨ ਸਬੰਧੀ ਆਏ ਲੋਕਾਂ ਦੀ ਸੁਰੱਖਿਆ ਲਈ ਪਹਿਲਾਂ ਤੋਂ ਹੀ ਤਾਇਨਾਤ ਗੋਤਾਖੋਰ ਅਤੇ ਹੋਰ ਕਰਮਚਾਰੀ ਸੁਰਿੰਦਰ, ਧਰਮਿੰਦਰ ਪਟਵਾਰੀ, ਕੈਂਪ ਵਾਸੀ ਵਿੱਕੀ, ਟੋਨੀ, ਅਨਿਲ ਅਤੇ ਇੱਕ ਹੋਮਗਾਰਡ ਕਿਸ਼ਤੀ ’ਤੇ ਸਵਾਰ ਹੋ ਕੇ ਨੌਜਵਾਨ ਨੂੰ ਬਚਾਉਣ ਲਈ ਨਹਿਰ ਵਿੱਚ ਉੱਤਰੇ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਉਨ੍ਹਾਂ ਦੀ ਕਿਸ਼ਤੀ ਪਲਟ ਗਈ।
ਇਹ ਸਾਰੇ ਵਿਅਕਤੀ ਵੀ ਰੁੜ੍ਹ ਗਏ, ਜਿਨ੍ਹਾਂ ਵਿੱਚੋਂ ਲੋਕਾਂ ਦੀ ਮਦਦ ਨਾਲ ਧਰਮਿੰਦਰ, ਟੋਨੀ, ਅਨਿਲ ਅਤੇ ਹੋਮਗਾਰਡ ਨੂੰ ਬਚਾ ਲਿਆ ਗਿਆ ਪਰ ਕਿਸ਼ਤੀ ਚਲਾ ਰਹੇ ਸੁਰਿੰਦਰ, ਵਿੱਕੀ ਅਤੇ ਸਤਿੰਦਰ ਦਾ ਕੁਝ ਵੀ ਪਤਾ ਨਹੀਂ ਲੱਗਿਆ। ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਸੁਰੇਸ਼ ਅਤੇ ਪੁਲੀਸ ਦੀ ਮੌਜੂਦਗੀ ਵਿੱਚ ਲਾਪਤਾ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।