ਪੱਤਰ ਪ੍ਰੇਰਕ
ਯਮੁਨਾਨਗਰ, 27 ਦਸੰਬਰ
ਯਮੁਨਾਨਗਰ ਵਿੱਚ ਅੱਜ ਓਮੀਕਰੋਨ ਦੇ ਤਿੰਨ ਕੇਸ ਆਏ ਹਨ। 32, 30 ਤੇ 33 ਸਾਲ ਦੇ ਤਿੰਨੇ ਵਿਅਕਤੀ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ ਅਤੇ ਨੀਦਰਲੈਂਡ ਤੋਂ ਆਏ ਹਨ। ਯਮੁਨਾਨਗਰ ਆਉਣ ’ਤੇ ਉਨ੍ਹਾਂ ਦਾ ਕਰੋਨਾ ਟੈਸਟ ਕੀਤਾ ਗਿਆ, ਜੋ ਪਾਜ਼ੇਟਿਵ ਆਇਆ। ਇਸ ਤੋਂ ਬਾਅਦ ਇਨ੍ਹਾਂ ਦੇ ਸੈਂਪਲ ਦਿੱਲੀ ਭੇਜੇ ਗਏ ਸਨ, ਜਿਸ ਦੀ ਅੱਜ ਰਿਪੋਰਟ ਆਉਣ ’ਤੇ ਓਮੀਕਰੋਨ ਦੇ ਲੱਛਣ ਪਾਏ ਗਏ। ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਨੂੰ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਅਤੇ ਇਨ੍ਹਾਂ ਦੇ ਸੰਪਰਕ ਵਿੱਚ ਰਹਿਣ ਵਾਲੇ 20 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।