ਫਰੀਦਾਬਾਦ (ਪੱਤਰ ਪ੍ਰੇਰਕ): ਪੁਰਾਣੇ ਫਰੀਦਾਬਾਦ ਇਲਾਕੇ ‘ਚ ਲੁੱਟ-ਖੋਹ ਦੇ ਮਾਮਲੇ ਵਿੱਚ ਪੁਲੀਸ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਪ੍ਰਧਾਨ, ਮੁਕੇਸ਼ ਅਤੇ ਗੋਲੂ ਵਾਸੀ ਅਜਮੇਰ ਵਜੋਂ ਹੋਈ ਹੈ। ਮੁਲਜ਼ਮ ਪ੍ਰਧਾਨ ਪਿੰਡ ਸਾਵਰ, ਮੁਕੇਸ਼ ਗ੍ਰੇਟਰ ਨੋਇਡਾ ਅਤੇ ਮੁਲਜ਼ਮ ਗੋਲੂ ਬਾਵਲਾ ਪਿੰਡ ਅਜਮੇਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੋਂ ਮੁਲਜ਼ਮ ਪਹਿਲਾਂ ਦਿੱਲੀ ਐਨਸੀਆਰ ਖੇਤਰ ਵਿੱਚ ਘਰਾਂ ਦੀ ਰੇਕੀ ਕਰਦੇ ਸਨ ਤੇ ਮਗਰੋਂ ਬੰਦ ਘਰਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਇਨ੍ਹਾਂ ਨੇ 18 ਅਗਸਤ ਨੂੰ ਫਰੀਦਾਬਾਦ ਦੇ ਪੁਰਾਣਾ ਖੇਤਰ ਸੈਕਟਰ-19 ਦੇ ਰਹਿਣ ਵਾਲੇ ਸੇਵਾਮੁਕਤ ਕਰਨਲ ਸੁਨੀਲ ਦੇ ਘਰ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਨੂੰ ਇਕ ਹਫਤੇ ਤੋਂ ਜਿੰਦਰਾ ਲੱਗਿਆ ਹੋਇਆ ਸੀ। 18 ਅਗਸਤ ਨੂੰ ਮੁਲਜ਼ਮਾਂ ਨੇ ਦੇਖਿਆ ਕਿ ਕਰਨਲ ਦੇ ਘਰ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਹੈ। ਮੁਲਜ਼ਮ ਪ੍ਰਧਾਨ ਨੇ ਬਾਹਰ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਮੁਲਜ਼ਮ ਮੁਕੇਸ਼ ਅਤੇ ਗੋਲੂ ਅੰਦਰ ਜਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗੇ। ਘਰ ਦੀ ਦੇਖਭਾਲ ਕਰਨ ਵਾਲੀ ਔਰਤ ਨੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਫਰਾਰ ਹੋ ਗਏ ਸਨ।