ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 23 ਸਤੰਬਰ
ਸ਼ਾਹਬਾਦ ਤੇ ਬਾਬੈਨ ਖੇਤਰ ’ਚ ਬੀਤੇ ਦਿਨ ਤੋਂ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਕਾਰਨ ਮੰਡੀ ਵਿਚ ਕਿਸਾਨਾਂ ਦੀ ਪਿਆ ਹਜ਼ਾਰਾਂ ਕੁਇੰਟਲ ਝੋਨੇ ਦੇ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਇੰਨਾ ਹੀ ਨਹੀਂ ਕਿਸਾਨਾਂ ਦੇ ਖੇਤਾਂ ਵਿਚ ਪੱਕ ਕੇ ਤਿਆਰ ਖੜੀ ਫਸਲ ’ਤੇ ਵੀ ਸੰਕਟ ਦੇ ਬਦਲ ਛਾਏ ਹੋਏ ਹਨ। ਜੇ ਅਗਲੇ ਦੋ ਦਿਨ ਵੀ ਬਰਸਾਤ ਇਸੇ ਤਰ੍ਹਾਂ ਜਾਰੀ ਰਹੀ ਤਾਂ ਫਸਲ ਦਾ ਕਾਫ਼ੀ ਨੁਕਸਾਨ ਹੋ ਸਕਦਾ ਹੈ ਤੇ ਕਿਸਾਨਾਂ ਨੂੰ ਵੀ ਨੁਕਸਾਨ ਸਹਿਣਾ ਪਵੇਗਾ। ਪਿੰਡ ਧੰਨਾਨੀ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮੌਸਮ ਵਿਚ ਬਰਸਾਤ ਹੋਣਾ ਕਿਸਾਨਾਂ ਲਈ ਨੁਕਸਾਨਦਾਇਕ ਹੈ। ਝੋਨੇ ਦੇ ਪੱਕ ਜਾਣ ਕਰਕੇ ਬਰਸਾਤ ਦੇ ਨਾਲ ਆਈ ਤੇਜ਼ ਹਵਾ ਨਾਲ ਕਿਸਾਨਾਂ ਦੀ ਫ਼ਸਲ ਧਰਤੀ ’ਤੇ ਵਿਛ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਖੇਤਰ ਆਲੂ ਉਤਪਾਦਕ ਹੈ ਤੇ ਜ਼ਿਆਦਾਤਰ ਕਿਸਾਨ ਅਗੇਤੀ ਕਿਸਮ ਦੀ ਜੀਰੀ ਲਾਉਂਦੇ ਹਨ। ਸਰਕਾਰ ਵਲੋਂ ਵੀ ਜੀਰੀ ਦੀ ਖਰੀਦ ਦੇਰ ਨਾਲ ਸ਼ੁਰੂ ਕਰਨ ਨਾਲ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਾਹਬਾਦ ਤੇ ਬਾਬੈਨ ਮੰਡੀ ਛੋਟੀ ਹੋਣ ਕਰਕੇ ਵੀ ਕਿਸਾਨਾਂ ਨੂੰ ਫਸਲ ਸੁੱਟਣ ਵਿਚ ਦਿੱਕਤ ਆ ਰਹੀ ਹੈ। ਕਾਫੀ ਫਸਲ ਤਾਂ ਉਨ੍ਹਾਂ ਨੂੰ ਸੜਕਾਂ ’ਤੇ ਹੀ ਸੁੱਟਣੀ ਪੈ ਰਹੀ ਹੈ।