ਪੱਤਰ ਪ੍ਰੇਰਕ
ਯਮੁਨਾਨਗਰ, 10 ਜੁਲਾਈ
ਇੱਕ ਔਰਤ ਨੇ ਅੱਜ ਬਹਾਦਰੀ ਦਾ ਸਬੂਤ ਦਿੱਤਾ। ਉਸ ਨੇ ਮਿਸਾਲ ਪੇਸ਼ ਕਰਦਿਆਂ ਝਪਟਮਾਰਾਂ ਨੂੰ ਹਾਰ ਮੰਨਣ ਲਈ ਮਜ਼ਬੂਰ ਕਰ ਦਿੱਤਾ। ਇਹ ਘਟਨਾ ਸ਼ਹਿਰ ਦੇ ਛੋਟੀ ਲਾਈਨ ਪੰਚਾਇਤੀ ਗੁਰਦੁਆਰੇ ਨੇੜੇ ਵਾਪਰੀ ਹੈ, ਜਿੱਥੇ ਗੁਡੀਆ ਨਾਂ ਦੀ ਔਰਤ ਆਪਣੀ ਬੱਚੀ ਨੂੰ ਲੈ ਕੇ ਘਰ ਜਾ ਰਹੀ ਸੀ। ਉਦੋਂ ਤੇਜ਼ ਰਫ਼ਤਾਰ ਬਾਈਕ ’ਤੇ ਦੋ ਝਪਟਮਾਰ ਆਏ ਅਤੇ ਔਰਤ ਦਾ ਪਰਸ ਝਪਟ ਲਿਆ, ਪਰ ਔਰਤ ਨੇ ਪਰਸ ਖੋਹਣ ਵਾਲੇ ਲੜਕੇ ਦਾ ਹੱਥ ਫੜ ਲਿਆ। ਜਿਸ ਕਾਰਨ ਔਰਤ ਬਹੁਤ ਦੂਰ ਤੱਕ ਮੋਟਰਸਾਈਕਲ ਦੇ ਪਿੱਛੇ ਘਿਸਟਦੀ ਗਈ ਅਤੇ ਉਸ ਨੂੰ ਸੱਟਾਂ ਵੀ ਲੱਗੀਆਂ।
ਲੁਟੇਰੇ ਉਸ ਕੋਲੋਂ ਪਰਸ ਖੋਹਣ ਵਿੱਚ ਕਾਮਯਾਬ ਨਹੀਂ ਹੋ ਸਕੇ। ਮੌਕੇ ਦੇ ਚਸ਼ਮਦੀਦਾਂ ਅਨੁਸਾਰ, ਸਨੈਚਰਾਂ ਨੇ ਬਾਈਕ ਦੀ ਪਿਛਲੀ ਨੰਬਰ ਪਲੇਟ ’ਤੇ ਪੌਲੀਥੀਨ ਲਗਾ ਦਿੱਤੀ ਸੀ ਤਾਂ ਜੋ ਨੰਬਰ ਨਜ਼ਰ ਨਾ ਆਵੇ। ਇਸ ਮਾਮਲੇ ਵਿੱਚ ਥਾਣਾ ਸ਼ਹਿਰ ਦੀ ਪੁਲੀਸ ਨੇ ਸੀਸੀਟੀਵੀ ਫੁਟੇਜ਼ ਕਬਜ਼ੇ ਵਿੱਚ ਲੈ ਕੇ ਸਨੈਚਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸ਼ਹਿਰ ਦੀ ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਔਰਤ ਦਾ ਇਲਾਜ ਕਰਵਾਇਆ। ਇਸੇ ਮਾਮਲੇ ਵਿੱਚ ਥਾਣਾ ਯਮੁਨਾਨਗਰ ਦੇ ਇੰਚਾਰਜ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਨੇ ਔਰਤ ਦੀ ਸ਼ਿਕਾਇਤ ’ਤੇ ਧਾਰਾ- 379ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਸੀਆਈਏ ਦੀ ਟੀਮਾਂ ਨੇ ਅਪਣਾ ਕੰਮ ਸ਼ੁਰੂ ਕਰ ਦਿੱਤਾ ਹੈ ।