ਪੱਤਰ ਪ੍ਰੇਰਕ
ਡੱਬਵਾਲੀ, 11 ਅਕਤੂਬਰ
ਇੱਥੇ ਦਾਣਾ ਮੰਡੀ ਵਿਖੇ ਦੁਕਾਨ ’ਚ ਕੰਮ ਮੰਗਣ ਦੇ ਬਹਾਨੇ ਲੁੱਟਣ ਆਏ ਕਰੀਬ ਤਿੰਨ-ਚਾਰ ਨੌਜਵਾਨਾਂ ਵੱਲੋਂ ਚਲਾਈ ਗੋਲੀ ਮਿੱਸ ਹੋਣ ਕਰਕੇ ਆੜ੍ਹਤੀਆ ਹਰੀਸ਼ ਕੁਮਾਰ ਵਾਲ-ਵਾਲ ਬਚ ਗਿਆ।
ਪੁਲੀਸ ਨੂੰ ਦਿੱਤੇ ਬਿਆਨ ਵਿੱਚ ਹਰੀਸ਼ ਕੁਮਾਰ ਨੇ ਕਿਹਾ ਕਿ ਲੁਟੇਰਿਆਂ ਨਾਲ ਹੋਈ ਹੱਥੋ-ਪਾਈ ਦੌਰਾਨ ਗੋਲੀ ਚੱਲ ਗਈ ਪਰ ਉਹ ਵਾਲ ਵਾਲ ਬਚ ਗਿਆ। ਆੜ੍ਹਤੀ ਵੱਲੋਂ ਰੌਲਾ ਪਾਉਣ ’ਤੇ ਲੁਟੇਰੇ ਚਿੱਟੇ ਰੰਗ ਦੀ ਆਲਟੋ ਕਾਰ ਵਿੱਚ ਫਰਾਰ ਹੋ ਗਏ। ਸਿਟੀ ਡੱਬਵਾਲੀ ਦੀ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।
ਮਿਰਚ-ਮਸਾਲਾ ਕਾਰੋਬਾਰੀ ’ਤੇ ਹਮਲਾ
ਇਥੇ ਦੇਰ ਸ਼ਾਮ ਸਿੰਘੇਵਾਲਾ-ਮੰਡੀ ਕਿੱਲਿਆਂਵਾਲੀ ਲਿੰਕ ਸੜਕ ‘ਤੇ ਇੱਕ ਮੋਟਰ ਸਾਇਕਲ ‘ਤੇ ਸਵਾਰ ਚਾਰ ਵਿਅਕਤੀਆਂ ਨੇ ਇੱਕ ਸਾਈਕਲ ਸਵਾਰ ਤੇਜ਼ ਹਥਿਆਰ ਨਾਲ ਜ਼ਖਮੀ ਕਰ ਦਿੱਤਾ। ਜ਼ਖ਼ਮੀ ਦੀ ਪਛਾਣ ਮਿਰਚ-ਮਸਾਲਾ ਕਾਰੋਬਾਰੀ ਹਰਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਸਿੰਘੇਵਾਲਾ ਵਜੋਂ ਹੋਈ ਹੈ। ਘਟਨਾ ਸਮੇਂ ਹਰਵਿੰਦਰ ਸਿੰਘ, ਡੱਬਵਾਲੀ ਤੋਂ ਸੌਦਾ ਖਰੀਦ ਕੇ ਸਾਈਕਲ ‘ਤੇ ਪਿੰਡ ਨੂੰ ਜਾ ਰਿਹਾ ਸੀ। ਦਾਣਾ ਮੰਡੀ ਕਿੱਲਿਆਂਵਾਲੀ ਤੋਂ ਕੁਝ ਦੂਰੀ ‘ਤੇ ਪਿੱਛੋਂ ਇੱਕ ਮੋਟਰ ਸਾਈਕਲ ‘ਤੇ ਸਵਾਰ ਚਾਰ ਜਣਿਆਂ ਨੇ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਸ ਨੂੰ ਜ਼ਖ਼ਮੀ ਹਾਲਤ ’ਚ ਕਿੱਲਿਆਂਵਾਲੀ ਵਿੱਚ ਲਿਜਾਇਆ ਗਿਆ। ਘਟਨਾ ਦੀ ਸੂਚਨਾ ਕਿੱਲਿਆਂਵਾਲੀ ਚੌਕੀਂ ਨੂੰ ਦੇ ਦਿੱਤੀ ਗਈ ਹੈ।