ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 31 ਮਈ
ਮਾਰਕੰਡਾ ਨੈਸ਼ਨਲ ਕਾਲਜ ਦੇ ਆਡੀਟੋਰੀਅਮ ਵਿਚ ਕਾਲਜ ਦੇ ਪੰਜਾਬੀ ਵਿਭਾਗ ਤੇ ਕਾਲਜ ਦੇ ਪੁਰਾਤਨ ਵਿਦਿਆਰਥੀ ਸੰਘ ਵਲੋਂ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਸੂਬੇ ਦੇ ਵੱਖ ਵੱਖ ਸ਼ਹਿਰਾਂ ਤੋਂ ਕਵੀ ਸ਼ਾਮਲ ਹੋਏ। ਕਵੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ, ਬੇਟੀ ਪੜ੍ਹਾਓ ਤੇ ਬੇਟੀ ਬਚਾਓ, ਕੁਦਰਤ ਦੇ ਨਿਯਮਾਂ ਨਾਲ ਛੇੜਛਾੜ ਕਰਨ ਦੇ ਬੁਰੇ ਨਤੀਜਿਆਂ ਨੂੰ ਭੁਗਤਣ ਲਈ ਤਿਆਰ ਰਹਿਣ ਆਦਿ ਵੱਖ ਵੱਖ ਵਿਸ਼ਿਆਂ ਬਾਰੇ ਪੇਸ਼ਕਾਰੀ ਕੀਤੀ। ਸਮਾਰੋਹ ਵਿਚ ਅਦਬੀ ਮਹਿਫਲ ਵਲੋਂ ਸ਼ਾਇਰ ਕੁਲਵੰਤ ਸਿੰਘ ਰਫੀਕ ਦੀ ਪੁਸਤਕ ‘ ਬੜੀ ਤਕਲੀਫ ਹੁੰਦੀ ਹੈ’ ਦੀ ਘੁੰਡ ਚੁਕਾਈ ਦੀ ਰਸਮ ਬਤੌਰ ਮੁੱਖ ਮਹਿਮਾਨ ਮਦਨ ਮੋਹਨ ਛਾਬੜਾ ਆਨਰੇਰੀ ਸਕੱਤਰ ਕੁਰੂਕਸ਼ੇਤਰ ਵਿਕਾਸ ਬੋਰਡ ਨੇ ਅਦਾ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਆਏ ਕਵੀਆਂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਅਦਬੀ ਮਹਿਫਲ ਦੇ ਸਰਪ੍ਰਸਤ ਪ੍ਰਿੰਸੀਪਲ ਜੋਗਿੰਦਰ ਸਿੰਘ, ਡਾ ਦੇਵਿੰਦਰ ਬੀਬੀਪੁਰੀਆ, ਡਾ ਚੂਹੜ ਸਿੰਘ, ਡਾ. ਨਰੇਂਦਰਪਾਲ ਸਿੰਘ, ਡਾ. ਰਤਨ ਸਿੰਘ ਢਿੱਲੋਂ ਅੰਬਾਲਾ, ਗੁਰਚਰਨ ਸਿੰਘ ਜੋਗੀ, ਡਾ ਗੁਰਦੇਵ ਸਿੰਘ ਆਦਿ ਮੌਜੂਦ ਸਨ।