ਦਵਿੰਦਰ ਸਿੰਘ
ਯਮੁਨਾਨਗਰ, 2 ਸਤੰਬਰ
ਜ਼ਿਲ੍ਹਾ ਯਮੁਨਾਨਗਰ ਦੀਆਂ ਸੜਕਾਂ ਦੀ ਹਾਲਤ ਕਾਫ਼ੀ ਖਸਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਅਜਿਹੀ ਕੋਈ ਸੜਕ ਨਹੀਂ ਹੈ ਜੋ ਚੰਗੀ ਹਾਲਤ ਵਿੱਚ ਹੋਵੇ। ਲੋਕਾਂ ਨੂੰ ਅਕਸਰ ਕਹਿੰਦਿਆਂ ਸੁਣਿਆ ਹੋਵੇਗਾ ਕਿ ਸੜਕਾਂ ਵਿੱਚ ਟੋਏ ਪਏ ਹੋਏ ਹਨ ਪਰ ਯਮੁਨਾਨਗਰ ਵਿੱਚ ਸਥਿਤੀ ਅਜਿਹੀ ਹੈ ਕਿ ਟੋਏ ਜ਼ਿਆਦਾ ਤੇ ਸੜਕ ਘੱਟ ਦਿਖਾਈ ਦਿੰਦੀ ਹੈ। ਟੁੱਟੀਆਂ ਸੜਕਾਂ ਕਾਰਨ ਜਿੱਥੇ ਲਗਾਤਾਰ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਉਥੇ ਹੀ ਦੋ ਪਹੀਆ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਟੁੱਟੀਆਂ ਸੜਕਾਂ ਕਾਰਨ ਉੱਡਦੀ ਧੂੜ ਅਤੇ ਮਿੱਟੀ ਤੋਂ ਦੁਕਾਨਦਾਰ ਵੀ ਪ੍ਰੇਸ਼ਾਨ ਹੁੰਦੇ ਹਨ। ਯਮੁਨਾਨਗਰ ਦਾ ਪੁਰਾਣਾ ਨੈਸ਼ਨਲ ਹਾਈਵੇ, ਜੋ ਸ਼ਹਿਰ ਦੇ ਵਿਚਕਾਰੋਂ ਲੰਘਦਾ ਹੈ, ਦੀਆਂ ਲਿੰਕ ਸੜਕਾਂ ਵੀ ਬਹੁਤ ਟੁੱਟੀਆਂ ਹੋਈਆਂ ਹਨ। ਇਸ ਦੇ ਨਾਲ ਹੀ ਕਮਾਨੀ ਚੌਕ ਤੋਂ ਲੈ ਕੇ ਜਗਾਧਰੀ ਰੇਲਵੇ ਵਰਕਸ਼ਾਪ ਤੱਕ ਸੜਕ ਦੀ ਹਾਲਤ ਕਾਫੀ ਖਸਤਾ ਹੈ। ਇਥੋਂ ਰੋਜ਼ਾਨਾ ਸੈਂਕੜੇ ਵਰਕਰ ਆਉਂਦੇ-ਜਾਂਦੇ ਹਨ । ਆਮ ਲੋਕਾਂ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਕੋਈ ਵੀ ਅਧਿਕਾਰੀ ਅਤੇ ਰਾਜਸੀ ਆਗੂ ਦਿਲਚਸਪੀ ਨਹੀਂ ਲੈ ਰਿਹਾ। ਉੱਧਰ ਕਿਸਾਨਾਂ ਵੱਲੋਂ ਜਾਮ ਲਗਾਉਣ ਦੀ ਤਿਆਰੀ ਦੀ ਸੂਚਨਾ ਮਿਲਦਿਆਂ ਸਾਰ ਹੀ ਪ੍ਰਸ਼ਾਸਨ ਨੇ ਜਲਦੀ ਹੀ ਸੜਕਾਂ ਦੀ ਮੁਰੰਮਤ ਕਰਵਾਉਣ ਦਾ ਭਰੋਸਾ ਦਿੱਤਾ ਹੈ।
ਰਤੀਆ ਵਾਸੀਆਂ ਵੱਲੋਂ ਸੜਕਾਂ ਬਣਾਉਣ ਦੀ ਮੰਗ
ਰਤੀਆ (ਪੱਤਰ ਪ੍ਰੇਰਕ): ਟੋਹਾਣਾ ਰੋਡ ਤੋਂ ਪਦਮਾਵਤੀ ਤੱਕ ਜਾਣ ਵਾਲੀ ਸੜਕ ਦੀ ਹਾਲਤ ਖਸਤਾ ਹੋਣ ਨਾਲ ਲੋਕਾਂ ਨੂੰ ਆਉਣ ਜਾਣ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸੰਜੈ, ਅਨਿਲ, ਪ੍ਰਸ਼ੋਤਮ, ਨਰੇਸ਼, ਟੀਟੂ, ਸੱਤ ਨਰਾਇਣ ਆਦਿ ਨੇ ਦੱਸਿਆ ਕਿ ਟੋਹਾਣਾ ਰੋਡ ਦੇ ਗੁੁਰਦੁਆਰੇ ਤੋਂ ਹੁੰਦੇ ਹੋਏ ਪਦਮਾਵਤੀ ਤੱਕ ਜਾਣ ਵਾਲੀ ਸੜਕ ਦੀ ਹਾਲਤ ਕਾਫ਼ੀ ਸਮੇਂ ਤੋਂ ਖਸਤਾ ਹੈ। ਖਸਤਾ ਸੜਕ ਕਾਰਨ ਲੋਕਾਂ ਨੂੰ ਆਉਣ ਜਾਣ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਲੀ ਵਿਚ ਟੋਇਆਂ ਕਾਰਨ ਦੋ ਪਹੀਆ ਵਾਹਨ ਚਾਲਕ ਹਮੇਸ਼ਾ ਹਾਦਸੇਦਾ ਸ਼ਿਕਾਰ ਹੋ ਰਹੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਸੜਕ ਦਾ ਨਿਰਮਾਣ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲ ਸਕੇ।