ਪੱਤਰ ਪ੍ਰੇਰਕ
ਪੰਚਕੂਲਾ, 28 ਮਈ
ਹਰਿਆਣਾ ਵਿੱਚ ਬਲੈਕ ਫੰਗਸ ਦੇ 138 ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਮਰੀਜ਼ਾਂ ਦੀ ਗਿਣਤੀ ਵਧ ਕੇ 623 ਨੂੰ ਪਾਰ ਕਰ ਗਈ ਹੈ। ਹਾਲਾਂਕਿ ਨਵੇਂ ਮਾਮਲਿਆਂ ਨੂੰ ਲੈ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਕੜੇ ਲਗਾਤਾਰ ਅਪਡੇਟ ਨਾ ਹੋਣ ਕਾਰਨ ਅਜਿਹਾ ਹੋਇਆ ਹੈ। ਸੂਬੇ ’ਚ ਹੁਣ ਤੱਕ ਬਲੈਕ ਫੰਗਸ ਨਾਲ ਮਰਨ ਵਾਲਿਆਂ ਦੀ ਗਿਣਤੀ 32 ਹੋ ਗਈ ਹੈ ਅਤੇ 27 ਮਰੀਜ਼ ਠੀਕ ਹੋ ਕੇ ਘਰ ਪਰਤ ਗਏ ਹਨ। ਰੋਹਤਕ ਦੇ ਪੀਜੀਆਈ ਵਿੱਚ ਵੀ 40 ਤੋਂ ਵੱਧ ਬਲੈਕ ਫੰਗਸ ਦੇ ਮਰੀਜ਼ ਦਾਖ਼ਲ ਹਨ ਜਦੋਂਕਿ ਪੰਚਕੂਲਾ ਜ਼ਿਲ੍ਹੇ ਵਿੱਚ 10 ਬਲੈਕ ਫੰਗਸ ਦੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਜ਼ਿਆਦਾਤਰ ਮਰੀਜ਼ਾਂ ਨੂੰ ਹਰਿਆਣਾ ਦੇ ਉਨ੍ਹਾਂ ਮੈਡੀਕਲ ਕਾਲਜਾਂ ਵਿੱਚ ਭੇਜਿਆ ਜਾ ਰਿਹਾ ਹੈ ਜਿਹੜੇ ਹਰਿਆਣਾ ਸਰਕਾਰ ਵੱਲੋਂ ਬਲੈਕ ਫੰਗਸ ਦੇ ਇਲਾਜ ਲਈ ਚੁਣੇ ਗਏ ਹਨ। ਸਿਹਤ ਮੰਤਰ ਅਨਿਲ ਵਿੱਜ ਕਹਿ ਚੁੱਕੇ ਹਨ ਕਿ ਜਿੱਥੋਂ ਵੀ ਬਲੈਕ ਫੰਗਸ ਦੀ ਦਵਾਈ ਮਿਲੇਗੀ ਸਰਕਾਰ ਖ਼ਰੀਦੇਗੀ।