ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਪਿੰਡ ਕੇਸਰੀ ਵਿੱਚ ਜ਼ਮੀਨੀ ਵਿਵਾਦ ਕਰ ਕੇ ਭਤੀਜੇ ਵੱਲੋਂ ਟਰੈਕਟਰ ਚੜ੍ਹਾ ਕੇ ਚਾਚੇ ਦੀ ਹੱਤਿਆ ਕੀਤੇ ਜਾਣ ਅਤੇ ਚਾਚੇ ਦੇ ਪੁੱਤ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਐੱਸ.ਪੀ. ਜਸ਼ਨਦੀਪ ਸਿੰਘ ਰੰਧਾਵਾ ਵੱਲੋਂ ਡੀਐੱਸਪੀ ਬਰਾੜਾ ਰਜਨੀਸ਼ ਸ਼ਰਮਾ ਦੀ ਅਗਵਾਈ ਹੇਠ ਬਣਾਈ ਗਈ ਟੀਮ ਨੇ ਮਾਰੇ ਛਾਪੇ ਦੌਰਾਨ ਕੱਲ੍ਹ ਮੁਲਜ਼ਮ ਗੁਰਤੇਜ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਮਨਜ਼ੂਰ ਕਰ ਲਿਆ। ਇਸ ਸਬੰਧ ਵਿੱਚ ਮ੍ਰਿਤਕ ਦੇ ਭਤੀਜੇ ਤਜਿੰਦਰ ਸਿੰਘ ਵਾਸੀ ਕੇਸਰੀ ਨੇ 29 ਜੂਨ ਨੂੰ ਥਾਣਾ ਸਾਹਾ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁਲਜ਼ਮ ਗੁਰਤੇਜ ਸਿੰਘ, ਪ੍ਰੇਮ ਸਿੰਘ, ਜਗਜੀਤ ਸਿੰਘ ਅਤੇ ਗੁਰਮੇਲ ਕੌਰ ਨੇ ਮਿਲ ਕੇ ਟਰੈਕਟਰ ਨਾਲ ਉਸ ਦੇ ਤਾਏ ਨੂੰ ਟੱਕਰ ਮਾਰੀ, ਜਿਸ ਨਾਲ ਉਸ ਦੀ ਮੌਤ ਹੋ ਗਈ।