ਪੱਤਰ ਪ੍ਰੇਰਕ
ਰਤੀਆ, 2 ਅਗਸਤ
ਹਲਕਾ ਵਿਧਾਇਕ ਲਛਮਣ ਨਾਪਾ ਨੇ ਮੁੱਖ ਮੰਤਰੀ ਕਿਸਾਨ ਅਤੇ ਖੇਤੀ ਹਰ ਮਜ਼ਦੂਰ ਜੀਵਨ ਸੁਰੱਖਿਆ ਯੋਜਨਾ ਤਹਿਤ ਚੰਦੋ ਕਲਾਂ ਵਾਸੀ ਸੁਖਵਿੰਦਰ ਸਿੰਘ ਦੇ ਵਾਰਸਾਂ ਨੂੰ ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ। ਇਸ ਮੌਕੇ ਵਿਧਾਇਕ ਲਛਮਣ ਨਾਪਾ ਨੇ ਕਿਹਾ ਕਿ ਮੁਸੀਬਤ ਅਤੇ ਦੁੱਖ ਦੀ ਘੜੀ ਵਿਚ ਭਾਜਪਾ ਸਰਕਾਰ ਕਿਸਾਨ ਪਰਿਵਾਰਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜਨਤਾ ਦੀ ਭਲਾਈ ਅਤੇ ਲੋੜਵੰਦਾਂ ਲਈ ਕੇਂਦਰ ਅਤੇ ਸੂਬਾ ਸਰਕਾਰ ਨੇ ਵੱਖ ਵੱਖ ਯੋਜਨਾਵਾਂ ਨੂੰ ਲਾਗੂ ਕੀਤਾ ਹੈ। ਨਾਗਰਿਕਾਂ ਨੂੰ ਸਬੰਧਤ ਵਿਭਾਗਾਂ ਨਾਲ ਸੰਪਰਕ ਕਰਕੇ ਇਨ੍ਹਾਂ ਯੋਜਨਾਵਾ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਲੈਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 28 ਮਈ ਨੂੰ ਚੰਦੋ ਕਲਾਂ ਢਾਣੀ ਵਾਸੀ ਸੁਖਵਿੰਦਰ ਸਿੰਘ ਪੁੱਤਰ ਚਰਨ ਸਿੰਘ ਨੂੰ ਖੇਤ ਵਿਚ ਸਬਜ਼ੀ ਦੀ ਫਸਲ ਨੂੰ ਪਾਣੀ ਲਗਾਉਂਦੇ ਸਮੇਂ ਸਟਾਰਟਰ ਵਿਚ ਬਿਜਲੀ ਦੀ ਨੰਗੀ ਤਾਰ ਕਾਰਨ ਕਰੰਟ ਲੱਗ ਗਿਆ ਸੀ। ਇਸ ਹਾਦਸੇ ਵਿਚ ਸੁਖਵਿੰਦਰ ਸਿੰਘ ਬੁਰੀ ਤਰ੍ਹਾਂ ਝੁਲਸ ਗਿਆ ਸੀ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਤੁਰੰਤ ਰਤੀਆ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਸੁਖਵਿੰਦਰ ਦੇ ਦੋ ਬੱਚੇ ਹਨ। ਅੱਜ ਚੈੱਕ ਸੌਂਪਣ ਸਮੇਂ ਕਿਸਾਨ ਬੱਚਿਆਂ ਮਹਿਕਪ੍ਰੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਨੂੰ ਵਿਧਾਇਕ ਲਛਮਣ ਨਾਪਾ ਨੇ ਆਸ਼ੀਰਵਾਦ ਵੀ ਦਿੱਤਾ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਬਲਦੇਵ ਗਰੋਹਾ, ਨਿਗਰਾਨੀ ਕਮੇਟੀ ਮੈਂਬਰ ਰਮੇਸ਼ ਮਹਿਤਾ, ਮਾਰਕੀਟ ਕਮੇਟੀ ਸਕੱਤਰ ਮੇਜਰ ਸਿੰਘ, ਸਹਾਇਕ ਸਕੱਤਰ ਨਿਸ਼ਾਂਤ ਕੁਮਾਰ ਆਦਿ ਹਾਜ਼ਰ ਸਨ।