ਪੱਤਰ ਪ੍ਰੇਰਕ
ਗੂਹਲਾ ਚੀਕਾ, 20 ਜੂਨ
ਚੀਕਾ ਨਗਰ ਨਿਗਮ ਚੋਣਾਂ ਵਿੱਚ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਮੁਕੰਮਲ ਹੋਇਆ। ਅੱਜ ਉਸ ਸਮੇਂ ਚੋਣ ਲੜ ਰਹੇ ਉਮੀਦਵਾਰਾਂ ਵਿੱਚ ਹਲਚਲ ਭਗਦੜ ਗਈ, ਜਦੋਂ ਚੋਣ ਅਧਿਕਾਰੀ ਐੱਸਡੀਐੱਮ ਗੂਹਲਾ ਪ੍ਰਧਾਨ ਦੇ ਅਹੁਦੇ ਲਈ ਮਹਿਲਾ ਉਮੀਦਵਾਰ ਦੇ ਪਤੀ ਨੂੰ ਆਪਣੀ ਸਰਕਾਰੀ ਗੱਡੀ ਵਿੱਚ ਬਿਠਾ ਕੇ ਗਿਣਤੀ ਕੇਂਦਰ ਪੁੱਜੇ। ਜ਼ਿਕਰਯੋਗ ਹੈ ਕਿ ਜਦੋਂ ਐਸਡੀਐਮ ਡੀਏਵੀ ਕਾਲਜ ਵਿੱਚ ਗਿਣਤੀ ਸੈਂਟਰ ਵਿੱਚ ਈਵੀਐਮ ਦਾ ਜਾਇਜ਼ਾ ਲੈਣ ਪੁੱਜੇ ਤਾਂ ਉਨ੍ਹਾਂ ਨਾਲ ਸਰਕਾਰੀ ਗੱਡੀ ਵਿੱਚ ਮਹਿਲਾ ਮੁਖੀ ਉਮੀਦਵਾਰ ਦਾ ਪਤੀ ਵੀ ਸਵਾਰ ਸੀ। ਭਾਵੇਂ ਇੱਕ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਇਹ ਦਾਅਵਾ ਕਰ ਰਹੇ ਹਨ ਕਿ ਗਿਣਤੀ ਕੇਂਦਰ ਦੇ ਆਸ-ਪਾਸ ਪਰਿੰਦਾ ਵੀ ਨਹੀਂ ਮਾਰਿਆ ਜਾ ਸਕਦਾ ਪਰ ਦੂਜੇ ਪਾਸੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹੀ ਇਨ੍ਹਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਚੋਣਾਂ ਲੜ ਰਹੇ ਹਨ। ਜਦੋਂ ਲੋਕਾਂ ਨੇ ਉਮੀਦਵਾਰ ਦੇ ਪਤੀ ਨੂੰ ਗਿਣਤੀ ਕੇਂਦਰ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਦੀ ਗੱਡੀ ਵਿੱਚ ਬੈਠੇ ਦੇਖਿਆ ਤਾਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਘਟਨਾ ਦਾ ਪਤਾ ਲੱਗਦਿਆਂ ਹੀ ਕਿਸਾਨ ਆਗੂ ਹਰਦੀਪ ਬਦਸੂਈ ਵੀ ਗਿਣਤੀ ਕੇਂਦਰ ’ਤੇ ਪੁੱਜ ਗਏ।
ਅਧਿਕਾਰੀਆਂ ਦੀ ਮੀਟਿੰਗ ਲੈਣ ਪਹੁੰਚੇ ਤਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਗੀਤਾ ਤੇਟਰਵਾਲ ਨੂੰ ਇਸ ਘਟਨਾ ਤੋਂ ਜਾਣੂ ਕਰਵਾਇਆ ਗਿਆ। ਇਸ ’ਤੇ ਡਿਪਟੀ ਕਮਿਸ਼ਨਰ ਨੇ ਘਟਨਾ ਦੀ ਜਾਂਚ ਕਰਵਾਉਣ ਲਈ ਕਿਹਾ। ਕਿਸਾਨ ਆਗੂ ਹਰਦੀਪ ਬਦਸੂਈ ਨੇ ਦੱਸਿਆ ਕਿ ਵੋਟ ਗਿਣਤੀ ਕੇਂਦਰ ਵਿੱਚ ਜਿੱਥੇ ਆਮ ਆਦਮੀ ਅਤੇ ਪੱਤਰਕਾਰਾਂ ਨੂੰ ਮੌਕੇ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ, ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀ ਕਿਵੇਂ ਉਮੀਦਵਾਰ ਦੇ ਪਤੀ ਨੂੰ ਅੰਦਰ ਲੈ ਗਿਆ। ਸਮੂਹ ਉਮੀਦਵਾਰਾਂ ਅਤੇ ਆਮ ਲੋਕਾਂ ਨੇ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਸਬੰਧੀ ਚੋਣ ਕਮਿਸਨ ਨੂੰ ਪੱਤਰ ਵੀ ਲਿਖਿਆ ਹੈ। ਲੋਕਾਂ ਨੇ ਵੋਟਾਂ ਦੀ ਗਿਣਤੀ ਕਿਸੇ ਹੋਰ ਅਧਿਕਾਰੀ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ।
ਐੱਸਡੀਐੱਮ ਨੇ ਘਟਨਾ ਨੂੰ ਜਾਇਜ਼ ਦੱਸਿਆ
ਐੱਸਡੀਐੱਮ ਨਵੀਨ ਕੁਮਾਰ ਨੇ ਮੰਨਿਆ ਕਿ ਉਹ ਚੇਅਰਮੈਨ ਉਮੀਦਵਾਰ ਦੇ ਪਤੀ ਨੂੰ ਆਪਣੀ ਸਰਕਾਰੀ ਗੱਡੀ ਵਿੱਚ ਇਸ ਲਈ ਲੈ ਕੇ ਗਿਆ ਸੀ ਕਿਉਂਕਿ ਗਿਣਤੀ ਸੈਂਟਰ ਵਿੱਚ ਦੂਜੇ ਉਮੀਦਵਾਰਾਂ ਦੇ ਲੋਕਾਂ ਵੱਲੋਂ ਈਵੀਐਮ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ। ਇਸ ਲਈ ਉਹ ਉਸ ਨੂੰ ਉੱਥੇ ਗਿਣਤੀ ਸੈਂਟਰ ਲੈ ਗਿਆ ਤਾਂ ਕਿ ਜ਼ਿਆਦਾ ਲੋਕਾਂ ਕੋਲ ਜਾਣ ਦੀ ਬਜਾਏ ਸਿਰਫ ਇੱਕ ਵਿਅਕਤੀ ਨੂੰ ਹੀ ਇਹ ਮੌਕਾ ਦਿਖਾਇਆ ਜਾਵੇ। ਉਸ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਘਟਨਾ ਨੂੰ ਵੀ ਜਾਇਜ਼ ਠਹਿਰਾਇਆ।