ਪੱਤਰ ਪ੍ਰੇਰਕ
ਟੱਲੇਵਾਲ, 26 ਜੁਲਾਈ
ਪਿੰਡ ਚੀਮਾ ਵਿੱਚ ਬਰਨਾਲਾ-ਮੋਗਾ ਮੁੱਖ ਮਾਰਗ ’ਤੇ ਸਥਿਤ ਡੇਰਾ ਵਿਵੇਕ ਆਸ਼ਰਮ ਵਿੱਚ ਬੀਤੀ ਰਾਤ ਲੁਟੇਰਿਆਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਜੋ ਡੇਰਾ ਪ੍ਰਬੰਧਕ ਵਲੋਂ ਫ਼ਾਇਰਿੰਗ ਕਰਨ ਕਰਕੇ ਅਸਫ਼ਲ ਰਹੀ। ਡੇਰੇ ਦੇ ਪ੍ਰਬੰਧਕ ਬਾਬਾ ਸੁੰਦਰ ਦਾਸ ਨੇ ਦੱਸਿਆ ਕਿ ਬੀਤੀ ਰਾਤ ਇਕ ਵਜੇ ਦੇ ਕਰੀਬ 7-8 ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਡੇਰੇ ਵਿੱਚ ਦਾਖ਼ਲ ਹੋਏ ਅਤੇ ਇੱਕ ਕਮਰੇ ਵਿੱਚ ਪਏ ਤਿੰਨ ਸੇਵਾਦਾਰਾਂ ਨੂੰ ਉਨ੍ਹਾਂ ਦੀਆਂ ਪੱਗਾਂ ਨਾਲ ਬੰਨ੍ਹ ਦਿੱਤਾ। ਜਦੋਂ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਲੱਗੇ ਤਾਂ ਉਨ੍ਹਾਂ ਵਲੋਂ ਲਾਇਸੈਂਸੀ ਰਾਇਫ਼ਲ ਨਾਲ ਫ਼ਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਲੁਟੇਰੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਕ ਲੁਟੇਰੇ ਦੀ ਉਂਗਲੀ ’ਤੇ ਗੋਲੀ ਲੱਗੀ ਹੈ। ਉਨ੍ਹਾਂ ਦੱਸਿਆ ਕਿ 3-4 ਲੁਟੇਰਿਆਂ ਦੇ ਪੁਲੀਸ ਦੀ ਵਰਦੀ ਪਾਈ ਹੋਈ ਸੀ। ਸੂਚਨਾ ਮਿਲਣ ’ਤੇ ਡੀਐਸਪੀ(ਡੀ) ਬਰਨਾਲਾ ਸੰਦੀਪ ਵੰਡੇਰਾ ਨੇ ਦੌਰਾ ਕਰਨ ਉਪਰੰਤ ਦੱਸਿਆ ਕਿ ਲੁਟੇਰੇ ਕੁਝ ਮਾਰੂ ਹਥਿਆਰ ਆਸ਼ਰਮ ਵਿੱਚ ਛੱਡ ਗਏ ਸਨ, ਉਨ੍ਹਾਂ ਨੂੰ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਆਸ਼ਰਮ ਦੇ ਪ੍ਰਬੰਧਕ ਬਾਬਾ ਸੁੰਦਰ ਦਾਸ ਦੇ ਬਿਆਨਾਂ ਦੇ ਆਧਾਰ ’ਤੇ 7-8 ਅਣਪਛਾਤੇ ਨੌਜਵਾਨਾਂ ਖਿਲਾਫ ਪਰਚਾ ਦਰਜ ਕਰਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।