ਪ੍ਰਭੂ ਦਿਆਲ
ਸਿਰਸਾ, 29 ਜਨਵਰੀ
ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਤੇ ਕਈ ਹੋਰ ਮੰਗਾਂ ਲਈ ਕਿਸਾਨਾਂ ਨੇ ਦਿੱਲੀ ਦੀ ਤਰਜ਼ ’ਤੇ ਇਥੇ ਮਿੰਨੀ ਸਕੱਤਰੇਤ ਦੇ ਬਾਹਰ ਅਪਣੇ ਟਰੈਕਟਰ ਟਰਾਲੀਆਂ ਲਿਆ ਕੇ ਪੱਕਾ ਮੋਰਚਾ ਲਾ ਦਿੱਤਾ ਹੈ। ਕਿਸਾਨਾਂ ਨੇ ਰਾਤ ਆਪਣੀਆਂ ਟਰਾਲੀਆਂ ’ਚ ਗੁਜਾਰੀ ਤੇ ਸਵੇਰੇ ਲੰਗਰ ਲਾਏ। ਹਰਿਆਣਾ ਕਿਸਾਨ ਮੰਚ ਦੇ ਬੈਨਰ ਹੇਠ ਕਿਸਾਨਾਂ ਨੇ ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦੇ ਮੁਆਵਜ਼ੇ ਦੀ ਮੰਗ ਤੋਂ ਇਲਾਵਾ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਬਿਜਲੀ ਦੇ ਕੁਨੈਕਸ਼ਨ ਦੇਣ, ਯੂਰੀਆ ਖਾਦ ਦੀ ਕਿੱਲਤ ਦੂਰ ਕਰਨ, ਨਹਿਰਾਂ ਵਿੱਚ ਪੰਦਰਾਂ ਦਿਨ ਟੇਲਾਂ ਤੱਕ ਪਾਣੀ ਦੇਣ, ਬਿਰਧਾਂ ਦੀ ਕੱਟੀ ਬੁਢਾਪਾ ਪੈਨਸ਼ਨ ਦੁਬਾਰਾ ਲਾਗੂ ਕਰਨ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਤੁਰੰਤ ਪੂਰੀਆਂ ਕਰਨ ਲਈ ਇਹ ਮੋਰਚਾ ਲਗਾਇਆ ਹੈ। ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਕਿਹਾ ਹੈ ਕਿ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਨ੍ਹਾਂ ਦਾ ਇਹ ਪੱਕਾ ਮੋਰਚਾ ਜਾਰੀ ਰਹੇਗਾ। ਕਿਸਾਨ ਆਗੂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 31 ਜਨਵਰੀ ਨੂੰ ਵਾਅਦਾਖ਼ਿਲਾਫ਼ੀ ਦਿਵਸ ਮੰਨਾਉਣ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦੀ ਵੱਡੇ ਪੱਧਰ ’ਤੇ ਤਿਆਰੀ ਕੀਤੀ ਗਈ ਹੈ। 31 ਜਨਵਰੀ ਨੂੰ ਵੱਡੀ ਗਿਣਤੀ ’ਚ ਕਿਸਾਨ ਮਿੰਨੀ ਸਕੱਤਰੇਤ ਪੁੱਜਣਗੇ, ਜਿਥੇ ਕੇਂਦਰ ਤੇ ਸੂਬਾ ਸਰਕਾਰ ਦੇ ਪੁਤਲੇ ਫੂਕੇ ਜਾਣਗੇ।