ਪ੍ਰਭੂ ਦਿਆਲ
ਸਿਰਸਾ, 1 ਸਤੰਬਰ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇਨੈਲੋ ਸੁਪਰੀਮੋ ਓਮਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਹਰਿਆਣਾ ਦੀ ਵਰਤਮਾਨ ਭਾਜਪਾ ਸਰਕਾਰ ਲੁਟੇਰਿਆਂ ਦੀ ਸਰਕਾਰ ਹੈ ਤੇ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਨਾਲ ਗ੍ਰਸਤ ਹੈ। ਕੁੱਝ ਸਮੇਂ ਬਾਅਦ ਇਹ ਸਰਕਾਰ ਆਪਣੇ ਬੋਝ ਨਾਲ ਖ਼ੁਦ ਹੀ ਡਿੱਗ ਪਵੇਗੀ। ਚੌਧਰੀ ਓਮ ਪ੍ਰਕਾਸ਼ ਚੌਟਾਲਾ ਅੱਜ ਅਨਾਜ ਮੰਡੀ ਵਿੱਚ ਕਰਵਾਏ ਗਏ ਵਰਕਰ ਮਿਲਨ ਸੰਮੇਲਨ ਵਿੱਚ ਬਤੌਰ ਮੁੱਖ ਮਹਿਮਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਿਰਸਾ ਜ਼ਿਲ੍ਹੇ ਦੇ ਇੰਚਾਰਜ ਕਰਨ ਚੌਟਾਲਾ, ਇਨੈਲੋ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ, ਸਾਬਕਾ ਮੰਤਰੀ ਭਾਗੀਰਾਮ, ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ, ਸਾਬਕਾ ਵਿਧਾਇਕ ਡਾ. ਸੀਤਾ ਰਾਮ, ਜਸਵੀਰ ਸਿੰਘ ਜੱਸਾ, ਕਿ੍ਸ਼ਨਾ ਫੌਗਾਟ, ਮਹਾਵੀਰ ਸ਼ਰਮਾ, ਗੁਰਵਿੰਦਰ ਸਿੰਘ ਸਰਪੰਚ, ਸੁਭਾਸ਼ ਨੈਨ, ਪ੍ਰਦੀਪ ਮਹਿਤਾ, ਗੁਰਦਿਆਲ ਮਹਿਤਾ, ਰਣਧੀਰ ਜੋਧਕਾਂ, ਵਿਨੋਦ ਦੜਬੀ, ਰਾਣੀ ਰਾਵਤ, ਸਰੋਜ ਵਰਮਾ, ਸਵਿੱਤਰੀ ਦੇਵੀ, ਮੰਦਰ ਔਢਾਂ, ਧਰਮਵੀਰ ਨੈਨ, ਕ੍ਰਿਸ਼ਨ ਝੋਰੜ, ਭਗਵਾਨ ਕੋਟਲੀ ਸਣੇ ਹੋਰ ਪਾਰਟੀ ਆਗੂ ਅਤੇ ਵਰਕਰ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਇਨੈਲੋ ਹੁਣ ਆਪਣੇ ਵਰਕਰਾਂ ਦੇ ਜ਼ੋਰ ’ਤੇ ਪਹਿਲਾਂ ਨਾਲੋਂ ਵੱਧ ਮਜ਼ਬੂਤ ਬਣ ਕੇ ਉਭਰੀ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤ ਬਣਾਉਣ ਲਈ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਤੇ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਨ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਸੂਬੇ ਵਿੱਚ ਸਰਕਾਰ ਇਨੈਲੋ ਦੀ ਬਣੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀ ਖੁਸ਼ਹਾਲੀ ਇਨੈਲੋ ਦੇ ਸੱਤਾ ਵਿੱਚ ਆਉਣ ’ਤੇ ਹੀ ਹੋਵੇਗੀ।