ਕੇਕੇ ਬਾਂਸਲ
ਰਤੀਆ, 14 ਜਨਵਰੀ
ਕੁੱਝ ਮਹੀਨੇ ਪਹਿਲਾਂ ਲਾਵਾਰਿਸ ਪਸ਼ੂਆਂ ਨੂੰ ਸ਼ਹਿਰ ਵਾਸੀਆਂ ਨੇ ਗਊਸ਼ਾਲਾ ਅਤੇ ਨੰਦੀਸ਼ਾਲਾ ਵਿੱਚ ਭੇਜਿਆ ਸੀ ਪਰ ਹਾਲੇ ਵੀ ਇਹ ਪਸ਼ੂ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਇਧਰ-ਉਧਰ ਭਟਕ ਰਹੇ ਹਨ। ਇਸ ਕਾਰਨ ਇਹ ਗਊਵੰਸ਼ ਠੰਢ ਕਾਰਨ ਹਾਲੋ ਬੇਹਾਲ ਹੈ ਅਤੇ ਸ਼ਹਿਰ ਵਾਸੀ ਵੀ ਕਾਫੀ ਪ੍ਰੇਸ਼ਾਨ ਹਨ। ਉਹ ਇਸ ਹੱਡ ਚੀਰਵੀਂ ਠੰਢ ’ਚ ਨੀਲੇ ਅਸਮਾਨ ਹੇਠਾਂ ਭੁੱਖੀਆਂ ਪਿਆਸੀਆਂ ਤੜਫ ਰਹੀਆਂ ਹਨ, ਜਦਕਿ ਇਨ੍ਹਾਂ ਗਊਸ਼ਾਲਾਵਾਂ ’ਚ ਕਾਫੀ ਗਊਵੰਸ਼ ਹਨ। ਜਿਨ੍ਹਾਂ ਦੀ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦਿਨ-ਰਾਤ ਸੇਵਾ ਕਰ ਰਹੀਆਂ ਹਨ। ਸ਼ਹਿਰ ਵਾਸੀ ਰਵਿੰਦਰ ਸਿੰਘ, ਸੁਧੀਰ ਕੁਮਾਰ, ਅਜੀਤ ਸਿੰਘ, ਬਲਵਾਨ ਸਿੰਘ ਆਦਿ ਨੇ ਕਿਹਾ ਕਿ ਪਹਾੜੀ ਖੇਤਰ ਤੋਂ ਠੰਢ ਜ਼ਿਆਦਾ ਪੈਣ ਕਾਰਨ ਇਸ ਖੇਤਰ ’ਚ ਬਹੁਤ ਜ਼ਿਆਦਾ ਠੰਢ ਪੈ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਨ੍ਹਾਂ ਬੇਜ਼ੁਬਾਨ ਅਨਾਥ ਗਊਵੰਸ਼ ਲਈ ਕੋਈ ਉਚਿੱਤ ਪ੍ਰਬੰਧ ਕੀਤਾ ਜਾਵੇ।