ਪੱਤਰ ਪ੍ਰੇਰਕ
ਯਮੁਨਾਨਗਰ, 8 ਮਾਰਚ
ਘਰੋਂ ਰੇਹੜੀ ’ਤੇ ਮਿੱਟੀ ਲੈਣ ਗਏ ਨੌਜਵਾਨ ਦੀ ਇੱਕ ਦਿਨ ਬਾਅਦ ਫੈਕਟਰੀ ਦੇ ਪਿੱਛਿਓਂ ਲਾਸ਼ ਮਿਲੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਪੁਲੀਸ ਨੇ ਕੇਸ ਦਰਜ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ । ਮ੍ਰਿਤਕ ਪਵਨ ਦੇ ਪਿਤਾ ਸੈਣੀ ਮਾਜਰਾ (ਦਾਮਲਾ) ਵਾਸੀ ਜੈਪਾਲ ਨੇ ਦੱਸਿਆ ਕਿ ਉਸ ਦਾ ਪੁੱਤਰ ਦੋ ਸਾਲਾਂ ਤੋਂ ਦੁਬਈ ਵਿੱਚ ਕੰਮ ਕਰਦਾ ਸੀ ਅਤੇ ਫਰਵਰੀ ਮਹੀਨੇ ਵਾਪਸ ਆਇਆ ਸੀ ਤੇ ਅਪਰੈਲ ਵਿੱਚ ਉਸ ਨੇ ਫਿਰ ਦੁਬਈ ਜਾਣਾ ਸੀ। ਘਰੋਂ ਉਹ ਰੇਹੜੀ ’ਤੇ ਮਿੱਟੀ ਲੈਣ ਲਈ ਗਿਆ ਸੀ ਤੇ ਘਰ ਨਹੀਂ ਪਰਤਿਆ। ਅਗਲੇ ਦਿਨ ਉਸ ਦੀ ਲਾਸ਼ ਇਸਜੈੱਕ ਫੈਕਟਰੀ ਦੇ ਪਿੱਛੇ ਪਈ ਮਿਲੀ। ਲਾਸ਼ ਦੇ ਲਾਗੇ ਸ਼ਰਾਬ ਦੀਆਂ ਬੋਤਲਾਂ, ਗਿਲਾਸ ਅਤੇ ਉਸ ਦਾ ਮੋਬਾਈਲ ਫੋਨ ਪਿਆ ਸੀ । ਜਾਂਚ ਅਧਿਕਾਰੀ ਦਲਬੀਰ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਕਾਰਵਾਈ ਕੀਤੀ ਜਾਵੇਗੀ।