ਪੱਤਰ ਪ੍ਰੇਰਕ
ਯਮੁਨਾਨਗਰ, 20 ਨਵੰਬਰ
ਨਿਰਮਾਣ ਅਧੀਨ ਸੜਕ ’ਤੇ ਖੂਨ ਨਾਲ ਲਥਪਥ ਰਾਜ ਮਿਸਤਰੀ ਦੀ ਲਾਸ਼ ਨੂੰ ਲੈ ਕੇ ਪੁਲੀਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕਤਵ ਦਾ ਮਾਮਲਾ ਦਰਜ ਕੀਤਾ ਹੈ। ਕਿਸੇ ਰਾਹਗੀਰ ਵੱਲੋਂ ਪੁਲੀਸ ਨੂੰ ਸੂਚਨਾ ਦਿੱਤੀ ਗਈ ਕਿ ਸੈਕਟਰ-1 ਹੂਡਾ ਕਲੋਨੀ ਵਿੱਚ ਕਿਸੇ ਵਿਅਕਤੀ ਦੀ ਲਾਸ਼ ਪਈ ਹੈ ਤਾਂ ਪੁਲੀਸ ਟੀਮਾਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਮ੍ਰਿਤਕ ਦੀ ਪਛਾਣ ਪਿੰਡ ਕਾਂਸਲੀ ਵਾਸੀ 50 ਸਾਲਾ ਅਰਜੁਨ ਦੇ ਰੂਪ ਵਿੱਚ ਹੋਈ ਹੈ ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਮ੍ਰਿਤਕ ਦੀ ਜੇਬ ਵਿੱਚੋਂ 1350 ਰੁਪਏ ਅਤੇ ਮੋਬਾਈਲ ਮਿਲਿਆ ਹੈ ਅਤੇ ਕੁਝ ਕਦਮਾਂ ਦੀ ਦੂਰੀ ਤੇ ਉਸ ਦੀ ਸਾਈਕਲ ਵੀ ਖੜ੍ਹੀ ਮਿਲੀ ਹੈ ਜਿਸ ਤੋਂ ਲਗਦਾ ਹੈ ਕਿ ਲੁੱਟ ਖੋਹ ਦੇ ਇਰਾਦੇ ਨਾਲ ਹੱਤਿਆ ਨਹੀਂ ਹੋਈ। ਮ੍ਰਿਤਕ ਦੇ ਬੇਟੇ ਸੰਟੀ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 17 ਸਾਲ ਪਹਿਲਾਂ ਇੱਕ ਮਹਿਲਾ ਨਾਲ ਕੋਰਟ ਮੈਰਿਜ਼ ਕੀਤੀ ਸੀ ਅਤੇ ਜ਼ਿਆਦਾਤਰ ਉਹ ਗੁਲਾਬ ਨਗਰ ਵਿੱਚ ਹੀ ਰਹਿੰਦੇ ਸਨ ਅਤੇ ਕਾਂਸਲੀ ਵਾਲੇ ਘਰ ਬਹੁਤ ਹੀ ਘਟ ਜਾਂਦੇ ਸਨ।