ਪੱਤਰ ਪ੍ਰੇਰਕ
ਗੂਹਲਾ ਚੀਕਾ, 25 ਜਨਵਰੀ
ਕਿਸਾਨ ਅੰਦੋਲਨ ਜਿੱਥੇ ਸਰਕਾਰ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ ਉੱਥੇ ਹੀ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਦੇ ਚੱਲਦੇ ਗੂਹਲਾ ਪ੍ਰਸ਼ਾਸਨ ਅਤੇ ਕਿਸਾਨਾਂ ਦੇ ਵਿੱਚ ਝੰਡਾ ਲਹਿਰਾਉਣ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਸੀ, ਜੋ ਅੱਜ ਸਮਾਪਤ ਹੋ ਗਈ ਹੈ। ਹਲਕਾ ਗੂਹਲਾ ਦੇ ਕਿਸਾਨ ਆਗੂ ਹਰਦੀਪ ਬਦਸੂਈ ਦੇ ਭਰੋਸੇ ਦੇ ਬਾਅਦ ਹੁਣ ਪ੍ਰਸ਼ਾਸਨ ਲਈ ਸਥਿਤੀ ਸਾਫ਼ ਹੋ ਗਈ ਹੈ ਤੇ ਪ੍ਰਸ਼ਾਸਨ ਨੇ ਇਸ ਦੇ ਚੱਲਦੇ ਸੁੱਖ ਦਾ ਸਾਹ ਲਿਆ ਹੈ। ਦੱਸਣਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਣਤੰਤਰ ਦਿਵਸ ਮੌਕੇ ਐੱਸ.ਡੀ.ਐੱਮ. ਝੰਡਾ ਲਹਿਰਾਉਣਗੇ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਹਲਕਾ ਪ੍ਰਧਾਨ ਹਰਦੀਪ ਬਦਸੂਈ ਨੇ ਕਿਹਾ ਕਿ ਅੱਜ ਉਪ ਪੁਲੀਸ ਕਪਤਾਨ ਗੂਹਲਾ ਅਤੇ ਭਾਕਿਊ ਦੇ ਕਰਮਚਾਰੀਆਂ ਵਿੱਚ ਆਪਸੀ ਸਮਝੌਤਾ ਹੋ ਗਿਆ ਹੈ ਤੇ ਐੱਸਡੀਐੱਮ ਹੁਣ ਝੰਡਾ ਲਹਿਰਾਉਣਗੇ।