ਪ੍ਰਭੂ ਦਿਆਲ
ਸਿਰਸਾ, 22 ਅਕਤੂਬਰ
ਲਖੀਮਪੁਰੀ ਖੀਰੀ ’ਚ ਸ਼ਹੀਦ ਹੋਏ ਕਿਸਾਨਾਂ ਦੀ ਅਸਥੀ ਕਲਸ਼ ਯਾਤਰਾ ਜ਼ਿਲ੍ਹਾ ਸਿਰਸਾ ਦੇ ਏਲਨਾਬਾਦ ਵਿਧਾਨ ਸਭਾ ਦੇ ਪਿੰਡਾਂ ਵਿੱਚ ਪੁੱਜ ਗਈ ਹੈ। ਅਸਥੀ ਕਲਸ਼ ਯਾਤਰਾ ਦੀ ਅਗਵਾਈ ਕਰ ਰਹੇ ਕਿਸਾਨਾਂ ਵੱਲੋਂ ਦੋ ਦਰਜਨ ਤੋਂ ਵੱਧ ਪਿੰਡਾਂ ਵਿੱਚ ਨੁਕੜ ਸਭਾਵਾਂ ਤੇ ਜਲਸੇ ਕੀਤੇ ਗਏ। ਇਸ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਖੇਤੀ ਕਾਨੂੰਨਾਂ ਦੀ ਹਮਾਇਤ ਕਰਨ ਵਾਲੀਆਂ ਪਾਰਟੀਆਂ ਨੂੰ ਵੋਟ ਦੀ ਸੱਟ ਨਾਲ ਹਰਾਇਆ ਜਾਏ।
ਲਖੀਮਪੁਰ ਦੇ ਸ਼ਹੀਦ ਕਿਸਾਨਾਂ ਦੀ ਅਸਥੀ ਕਲਸ਼ ਯਾਤਰਾ ਅੱਜ ਪਿੰਡ ਮਾਧੋਸਿੰਘਾਣਾ, ਬਰੂਵਾਲੀ, ਜਮਾਲ, ਢੁਕੜਾ, ਗੁਡੀਆਖੇੜਾ, ਬੱਕਰੀਆਂਵਾਲੀ, ਨਿਰਬਾਣ, ਅਰਨੀਆਂਵਾਲੀ, ਰੰਧਾਵਾ, ਰੂਪਾਣਾ, ਲੁਦੇਸਰ, ਰੂਪਾਵਾਲ, ਰਾਏਪੁਰ, ਬਰਾਸਰੀ, ਕੁਤਿਆਣਾ, ਜੌੜਕਿਆਂ, ਰਾਮਪੁਰਾ ਢਿੱਲੋਂ, ਹੰਜੀਰਾ, ਨਾਥੂਸਰੀ, ਗਿਗੋਰਾਣੀ ਆਦਿ ਪਿੰਡਾਂ ’ਚੋਂ ਹੁੰਦੀ ਹੋਈ ਅਗਲੇ ਪੜ੍ਹਾਅ ਲਈ ਰਵਾਨਾ ਹੋਈ।
ਇਸ ਦੌਰਾਨ ਪਿੰਡਾਂ ਵਿੱਚ ਨੁਕੜ ਸਭਾਵਾਂ ਤੇ ਜਲਸੇ ਕੀਤੇ ਗਏ। ਇਸ ਦੌਰਾਨ ਕਿਸਾਨ ਆਗੂ ਡਾ. ਸੁਖਦੇਵ ਸਿੰਘ ਜੰਮੂ, ਲਖਵਿੰਦਰ ਸਿੰਘ ਔਲਖ, ਅਮਿਤ ਸਾਂਗਵਾਨ ਆਦਿ ਨੇ ਨੁਕੜ ਸਭਾਵਾਂ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਲਖੀਮਪੁਰ ਖੀਰੀ ਦੀ ਘਟਨਾ ’ਤੇ ਵਿਸਥਾਰ ਨਾਲ ਰੌਸ਼ਨੀ ਪਾਈ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਕਾਨੂੰਨਾਂ ਦੀ ਹਮਾਇਤ ਕਰਨ ਵਾਲੀ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਨੂੰ ਆਪਣਾ ਵੋਟ ਨਾ ਪਾਉਣ।
ਇਸ ਦੌਰਾਨ ਪਿੰਡਾਂ ਵਿੱਚ ਸ਼ਹੀਦ ਕਿਸਾਨਾਂ ਦੀਆਂ ਫੋਟੋਆਂ ਤੇ ਅਸਥੀਆਂ ’ਤੇ ਲੋਕਾਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।