ਦਵਿੰਦਰ ਸਿੰਘ
ਯਮੁਨਾਨਗਰ, 26 ਅਗਸਤ
ਬਿਲਾਸਪੁਰ ਦੀ ਅਨਾਜ ਮੰਡੀ ਵਿੱਚ ਅੱਜ ਕਿਸਾਨ ਮਹਾਪੰਚਾਇਤ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹਿੱਸਾ ਲਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਗੰਨੇ ਦਾ ਢੁਕਵਾਂ ਤੇ ਲਾਹੇਵੰਦ ਭਾਅ (ਐਫਆਰਪੀ) ਪੰਜ ਰੁਪਏ ਵਧਾ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ ਜਦੋਂ ਕਿ ਉੱਤਰ ਭਾਰਤ ਦੇ ਕਈ ਰਾਜਾਂ ਵਿੱਚ ਲਾਹੇਵੰਦ ਭਾਅ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ, ਸੰਯੁਕਤ ਕਿਸਾਨ ਮੋਰਚੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਸਾਰੇ 40 ਦਲਾਂ ਦੇ ਨੇਤਾਵਾਂ ਨੂੰ ਸਰਕਾਰ ਨੂੰ ਸੰਤੁਸ਼ਟ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮੋਰਚੇ ਵਿੱਚ ਕੋਈ ਗੁੱਟਬਾਜ਼ੀ ਨਹੀਂ ਹੈ।
ਕਿਸਾਨ ਆਗੂ ਨੇ ਕਿਹਾ ਕਿ ਇਹ ਸਰਕਾਰ ਭਾਜਪਾ ਦੀ ਸਰਕਾਰ ਨਹੀਂ ਬਲਕਿ ਮੋਦੀ ਦੀ ਸਰਕਾਰ ਹੈ ਜੋ ਕਿਸਾਨਾਂ ਦੇ ਵਿਰੁੱਧ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ 9 ਮਹੀਨਿਆਂ ਤੋਂ ਦਿੱਲੀ ਬੈਠੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਵਾਪਸ ਹੋਣ ਤੱਕ ਕਿਸਾਨ ਘਰਾਂ ਨੂੰ ਵਾਪਸ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦੇਸ਼ ਦੀ ਸੰਪਤੀ ਵੇਚੀ ਜਾ ਰਹੀ ਹੈ। ਕੰਪਨੀਆਂ ਸਸਤੇ ਭਾਅ ਸੇਬ ਲੈ ਕੇ ਮਹਿੰਗੇ ਭਾਅ ਵੇਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਵਧੀਕੀਆਂ ਖ਼ਿਲਾਫ਼ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮਹਾਪੰਚਾਇਤ 5 ਸਤੰਬਰ ਨੂੰ ਮੁਜ਼ੱਫਰਨਗਰ ਵਿੱਚ ਹੋਵੇਗੀ। ਇਸ ਮੌਕੇੇ ਕਿਸਾਨ ਨੇਤਾ ਸਤਪਾਲ ਕੌਸ਼ਿਕ, ਸੁਭਾਸ਼ ਗੁੱਜਰ, ਜਰਨੈਲ ਸਿੰਘ ਸਾਂਗਵਾਨ, ਨਰੇਸ਼ ਕੰਬੋਜ ਅਤੇ ਸੰਜੂ ਗੁੰਦਿਆਨਾ ਨੇ ਵੀ ਸੰਬੋਧਨ ਕੀਤਾ।