ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 1 ਸਤੰਬਰ
ਹਰਿਆਣੇ ਵਿੱਚ ਵਿੱਦਿਅਕ ਸੈਸ਼ਨ ਦੇ ਅੱਧ ਵਿਚਕਾਰ ਅਧਿਆਪਕਾਂ ਦੇ ਵੱਡੇ ਪੱਧਰ ’ਤੇ ਆਨਲਾਈਨ ਤਬਾਦਲਿਆਂ ਕਾਰਨ ਕਾਫ਼ੀ ਸਰਕਾਰੀ ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਗਏ ਹਨ। ਇਸ ਖ਼ਿਲਾਫ਼ ਵਿਦਿਆਰਥੀ ਤੇ ਮਾਪੇ ਸੰਘਰਸ਼ ਦੀ ਰਾਹ ਪੈਣ ਨੂੰ ਮਜਬੂਰ ਹੋ ਗਏ ਹਨ। ਪਿੰਡ ਡੱਬਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇਕੱਠੇ 6 ਅਧਿਆਪਕਾਂ ਦੇ ਤਬਾਦਲਿਆਂ ਕਾਰਨ ਵਿਰੋਧ ਵਜੋਂ ਸਕੂਲ ਨੂੰ ਜਿੰਦਰਾ ਲਗਾ ਕੇ ਪਿੰਡ ਵਾਸੀ ਅਤੇ ਕਰੀਬ 8 ਸੌ ਵਿਦਿਆਰਥੀਆਂ ਨੇ ਡੱਬਵਾਲੀ-ਸਿਰਸਾ ਜਰਨੈਲੀ ਸੜਕ ’ਤੇ ਆਵਾਜਾਈ ਠੱਪ ਰੱਖੀ। ਜ਼ਿਕਰਯੋਗ ਹੈ ਕਿ ਪਿੰਡ ਡੱਬਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਧਿਆਪਕਾਂ ਦੀ ਕਰੀਬ 31 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 19 ਅਧਿਆਪਕਾਂ ਦੀਆਂ ਅਸਾਮੀਆਂ ਪਹਿਲਾਂ ਹੀ ਖਾਲੀ ਸਨ। ਹੁਣ ਆਨਲਾਈਨ ਤਬਾਦਲਿਆਂ ਤਹਿਤ 8 ਅਧਿਆਪਕਾਂ ਦੇ ਤਬਾਦਲੇ ਹੋ ਗਏ। ਉਨ੍ਹਾਂ ਦੀ ਜਗ੍ਹਾ ਸਿਰਫ਼ ਦੋ ਅਧਿਆਪਕ ਆਏ ਹਨ। ਸੂਚਨਾ ਮਿਲਣ ’ਤੇ ਡੱਬਵਾਲੀ ਦੇ ਐੱਸਡੀਐੱਮ ਰਾਜੇਸ਼ ਪੂਨੀਆ ਅਤੇ ਬਲਾਕ ਸਿੱਖਿਆ ਅਧਿਕਾਰੀ ਰਾਜੇਸ਼ ਫੁਟੇਲਾ ਮੌਕੇ ’ਤੇ ਪੁੱਜੇ। ਉਨ੍ਹਾਂ ਮਾਪਿਆਂ ਅਤੇ ਵਿਦਿਆਰਥੀਆਂ ਦੀ ਸਮੱਸਿਆ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
ਹੈਬੂਆਨਾ ’ਚ ਤਬਾਦਲਿਆਂ ਖਿਲਾਫ਼ ਮਿਡਲ ਸਕੂਲ ਮੂਹਰੇ ਧਰਨਾ
ਸਰਕਾਰੀ ਮਿਡਲ ਸਕੂਲ ਹੈਬੂਆਨਾ ਵਿੱਚ ਵੀ ਮਾਪਆਂ ਅਤੇ ਪੰਚਾਇਤ ਨੇ ਤਬਾਦਲਿਆਂ ਖਿਲਾਫ਼ ਧਰਨਾ ਲਗਾ ਕੇ ਰੋਸ ਜਤਾਇਆ। ਮਾਪਿਆਂ ਨੇ ਕਿਹਾ ਕਿ ਸਰਕਾਰ ਨੂੰ ਇਹ ਤਬਾਦਲੇ ਵਿੱਦਿਅਕ ਸੈਸ਼ਨ ਦੇ ਆਰੰਭ ਵਿੱਚ ਕਰਨੇ ਚਾਹੀਦੇ ਹਨ। ਪੜ੍ਹਾਈ ਦੇ ਅੱਧ-ਵਿਚਕਾਰ ਤਬਾਦਲੇ ਹੋਣ ਨਾਲ ਵਿਦਿਆਰਥੀਆਂ ਅਤੇ ਅਧਿਆਪਕ ਦੀ ਲਗਾਤਾਰਤਾ ਟੁੱਟ ਜਾਂਦੀ ਹੈ ਅਤੇ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਬਲਾਕ ਸਿੱਖਿਆ ਅਫ਼ਸਰ ਰਾਜੇਸ਼ ਫੁਟੇਲਾ ਨੇ ਕਿਹਾ ਕਿ ਪਿੰਡ ਡੱਬਵਾਲੀ ਵਿਖੇ ਸੁਚਾਰੂ ਚਲਾਉਣ ਲਈ ਉਹ ਬੀ.ਐੱਡ ਸਿੱਖਿਆਰਥੀਆਂ ਦੀ ਆਰਜ਼ੀ ਤਾਇਨਾਤੀ ਲਈ ਡੱਬਵਾਲੀ ਖੇਤਰ ਦੇ ਬੀ.ਐੱਡ ਕਾਲਜਾਂ ਨਾਲ ਰਾਬਤਾ ਕਰ ਰਹੇ ਹਨ। ਉਨ੍ਹਾਂ ਮੁਤਾਬਕ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ ਸਕੂਲ ਡੱਬਵਾਲੀ ਸ਼ਹਿਰ ’ਚ ਅਧਿਆਪਕਾਂ ਦੀਆਂ ਅਸਾਮੀਆਂ ਸੌ ਫ਼ੀਸਦੀ ਪੂਰੀ ਹੋ ਗਈਆਂ ਹਨ।