ਮਹਾਵੀਰ ਮਿੱਤਲ
ਜੀਂਦ, 24 ਅਗਸਤ
ਕ੍ਰਾਂਤੀਕਾਰੀ ਯੁਵਾ ਸੰਗਠਨ ਦੇ ਬੈਨਰ ਹੇਠ ਵਿਦਿਆਰਥੀਆਂ ਨੇ ਹਰਿਆਣਾ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਚਿਰਾਗ ਯੋਜਨਾ, 105 ਸਰਕਾਰੀ ਸਕੂਲਾਂ ਨੂੰ ਬੰਦ ਕਰਨ ਅਤੇ ਗੈਰਜ਼ਰੂਰੀ ਤਬਾਦਲਾ ਨੀਤੀ ਵਿਰੁੱਧ ਲਰਵਾਣਾ ਦੇ ਵਿਸ਼ਵਕਰਮਾ ਚੌਕ ਤੋਂ ਲਘੂ-ਸਕੱਤਰੇਤ ਤੱਕ ਸਿੱਖਿਆ ਮੰਤਰੀ ਦੀ ਅਰਥੀ ਯਾਤਰਾ ਕੱਢੀ। ਵਿਦਿਆਰਥੀਆਂ ਨੇ ਲਘੂ-ਸਕੱਤਰੇਤ ਪਹੁੰਚ ਕੇ ਗੇਟ ’ਤੇ ਮੰਤਰੀ ਦਾ ਪੁਤਲਾ ਸਾੜ ਕੇ ਆਪਣਾ ਰੋਸ ਜਤਾਇਆ। ਇਸ ਮੌਕੇ ਉਨ੍ਹਾਂ ਨੇ ਐੱਸਡੀਐੱਮ ਨੂੰ ਮੁੱਖ ਮੰਤਰੀ ਦੇ ਨਾਮ ਪੱਤਰ ਸੌਂਪਿਆ।
ਵਿਦਿਆਰਥੀ ਆਗੂ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ 105 ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਅਤੇ ਚਿਰਾਗ ਯੋਜਨਾ ਗਰੀਬ ਬੱਚਿਆਂ ਨੂੰ ਅਨਪੜ੍ਹ ਰੱਖਣ ਦਾ ਰਾਸਤਾ ਤਿਆਰ ਕਰਨਾ ਹੈ। ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਸਭ ਤੋਂ ਵੱਧ ਖ਼ਮਿਆਜ਼ਾ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਭੁਗਤਣਾ ਪਵੇਗਾ। ਕ੍ਰਾਂਤੀਕਾਰੀ ਯੁਵਾ ਸੰਗਠਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਿਰਾਗ ਯੋਜਨਾ ਅਤੇ ਤਬਾਦਲਾ ਨੀਤੀ ਦੇ ਤਹਿਤ ਜਾਰੀ ਕੀਤੀ ਜਾ ਰਹੀ ਜਨ ਵਿਰੋਧੀ ਨੀਤੀਆਂ ਨੂੰ ਰੱਦ ਕੀਤਾ ਜਾਵੇ। ਸਾਰੇ ਖਾਲੀ ਪਦਾਂ ਉੱਤੇ ਸਥਾਈ ਤੌਰ ’ਤੇ ਨਿਯੁਕਤੀ ਪ੍ਰੀਕਿਰਿਆ ਜਲਦੀ ਸ਼ੁਰੂ ਕੀਤੀ ਜਾਵੇ। ਸਿੱਖਿਆ ਨੂੰ ਵਪਾਰੀਕਰਨ ਬਣਾਉਣ ਵਾਲੀ ਨੀਤੀਆਂ ਨੂੰ ਬੰਦ ਕੀਤਾ ਜਾਵੇ।