ਪ੍ਰਭੂ ਦਿਆਲ
ਸਿਰਸਾ, 12 ਦਸੰਬਰ
ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਹਜ਼ਾਰਾਂ ਕਿਸਾਨ ਨੈਸ਼ਨਲ ਹਾਈਵੇਅ ਨੌਂ ਦੇ ਭਾਵਦੀਨ ਟੌਲ ਪਲਾਜ਼ਾ ‘ਤੇ ਇਕੱਠੇ ਹੋਏ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਸਾਰੇ ਨਾਕਿਆਂ ਨੂੰ ਪਰਚੀ ਮੁਕਤ ਕਰ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ‘ਤੇ ਕਿਸਾਨ ਵਿਰੋਧੀ ਹੋਣ ਦੇ ਦੋਸ਼ ਲਾਏ। ਭਾਵਦੀਨ ਟੌਲ ਪਲਾਜ਼ਾ ‘ਤੇ ਸਵੇਰੇ ਤੋਂ ਹੀ ਸਿਰਸਾ, ਫਤਿਹਾਬਾਦ, ਰਤੀਆਂ ਤੇ ਭੂਨਾ ਆਦਿ ਤੋਂ ਵੱਡੀ ਗਿਣਤੀ ’ਚ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਕੱਠੇ ਹੋਏ ਕਿਸਾਨਾਂ ਨੇ ਟੌਲ ਪਲਾਜ਼ਾ ਦੇ ਮੈਨੇਜਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੱਦੇ ਦੀ ਜਾਣਕਾਰੀ ਦਿੰਦਿਆਂ ਟੌਲ ਪਲਾਜ਼ਾ ਪਰਚੀ ਮੁਕਤ ਕੀਤੇ ਜਾਣ ਦੀ ਅਪੀਲ ਕੀਤੀ। ਮੈਨੇਜਰ ਨੇ ਆਪਣੀ ਨੌਕਰੀ ਦਾ ਵਾਸਤਾ ਦਿੰਦਿਆਂ ਟੌਲ ਨਾਕੇ ਪਰਚੀ ਮੁਕਤ ਕਰਨ ਤੋਂ ਇਨਕਾਰ ਕੀਤਾ ਤਾਂ ਕਿਸਾਨਾਂ ਨੇ ਇਕੱਠੇ ਹੋ ਕੇ ਨਾਕਿਆਂ ਦੇ ਡੰਡਿਆਂ ਨੂੰ ਪਾਸੇ ਕਰ ਕੇ ਵਾਹਨਾਂ ਨੂੰ ਬਿਨਾਂ ਪਰਚੀ ਕਟਵਾਇਆਂ ਜਾਣ ਲਈ ਆਖਿਆ।
ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਹਲਕੇ ਦੇ ਕਿਸਾਨਾਂ ਦਾ ਖੂਈਆਂ ਮਲਕਾਣਾ ਪਲਾਜ਼ਾ ਨੂੰ ਪਰਚੀ-ਮੁਕਤ ਕਰਨ ਦਾ ਸੰਘਰਸ਼ ਅੱਜ ਪਰਵਾਨ ਚੜ੍ਹ ਗਿਆ। ਕਿਸਾਨ ਆਗੂਆਂ ਨੇ ਸਪੀਕਰ ਤੋਂ ਪਲਾਜ਼ਾ ਨੂੰ ਪਰਚੀ ਮੁਕਤ ਕਰਨ ਦੀ ਚਿਤਾਵਨੀ ਦਿੱਤੀ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਕਿਸਾਨ ਜਥੇਬੰਦੀਆਂ ਦੇ ਦੇਸ਼ ਪੱਧਰੀ ਸੱਦੇ ’ਤੇ ਪਲਾਜ਼ਾ ਪਰਚੀ ਮੁਕਤ ਨਾ ਕੀਤਾ ਗਿਆ ਤਾਂ ਕਿਸਾਨ ਤਿੱਖਾ ਸੰਘਰਸ਼ ਵਿੱਢਣ ਨੂੰ ਮਜਬੂਰ ਹੋਣਗੇ ਜਿਸ ਮਗਰੋਂ ਪਲਾਜ਼ਾ ਪ੍ਰਬੰਧਕਾਂ ਨੇ ਇਸ ਨੂੰ ਪਰਚੀ ਮੁਕਤ ਕਰ ਦਿੱਤਾ। ਇਸ ਮੌਕੇ ਹਰਿਆਣਾ ਕਿਸਾਨ ਏਕਤਾ ਕਮੇਟੀ ਦੇ ਗੁਰਪ੍ਰੇਮ ਸਿੰਘ ਦੇਸੂਯੋਧਾ, ਐੱਸ ਪੀ ਸਿੰਘ, ਭਾਕਿਯੂ ਏਕਤਾ ਉਗਰਾਹਾਂ ਦੇ ਕੁਲਵੰਤ ਰਾਏ ਸ਼ਰਮਾ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।