ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਅਕਤੂਬਰ
ਸਥਾਨਕ ਪੁਲੀਸ ਨੇ ਨਸ਼ੇੜੀਆਂ ਖ਼ਿਲਾਫ਼ ਸਖ਼ਤੀ ਵਧਾ ਦਿੱਤੀ ਹੈ। ਇਸ ਤਹਿਤ ਪਾਰਕਾਂ, ਕਮਿਊਨਟੀ ਸੈਂਟਰ ਤੇ ਆਮ ਥਾਵਾਂ ’ਤੇ ਪੁਲੀਸ ਨੇ ਸਰਚ ਅਭਿਆਨ ਛੇੜਿਆ ਹੈ। ਜੀਟੀ ਰੋਡ ’ਤੇ ਸਥਿਤ ਰਣਬੀਰ ਸਿੰਘ ਹੁੱਡਾ ਪਾਰਕ ਦੇ ਆਸ-ਪਾਸ ਦੇ ਲੋਕਾਂ ਦੀ ਸ਼ਿਕਾਇਤ ਹੈ ਕਿ ਨਸ਼ੇੜੀ ਇਸ ਪਾਰਕ ਵਿਚ ਨਸ਼ਾ ਕਰਦੇ ਹਨ ਜਿਸ ਕਰ ਕੇ ਆਮ ਵਿਅਕਤੀ ਦਾ ਪਾਰਕ ਵਿਚ ਆਉਣਾ ਮੁਸ਼ਕਿਲ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਾਮ ਵੇਲੇ ਇਸ ਪਾਰਕ ਵਿਚ ਨਸ਼ੇੜੀਆਂ ਦੀ ਭੀੜ ਜੁੜ ਜਾਂਦੀ ਹੈ। ਇਸ ਲਈ ਪੁਲੀਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਸ਼ਿਕਾਇਤ ਦੇ ਆਧਾਰ ’ਤੇ ਹੁੱਡਾ ਚੌਕੀ ਇੰਚਾਰਜ ਸਾਹਿਬ ਸਿੰਘ ਨੇ ਪੁਲੀਸ ਟੀਮ ਨਾਲ ਰਣਬੀਰ ਸਿੰਘ ਹੁੱਡਾ ਪਾਰਕ ਇਲਾਕੇ ’ਚ ਸਖ਼ਤੀ ਕਰਦਿਆਂ ਉੱਥੇ ਬੈਠੇ ਕੁਝ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਫੜ ਕੇ ਤਲਾਸ਼ੀ ਲਈ। ਪੁਲੀਸ ਨੂੰ ਉਨ੍ਹਾਂ ਕੋਲੋਂ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਸਾਹਿਬ ਸਿੰਘ ਨੇ ਉੱਥੇ ਮੌਜੂਦ ਔਰਤਾਂ ਤੇ ਆਮ ਲੋਕਾਂ ਨੂੰ ਕਿਹਾ ਕਿ ਜੇ ਕੋਈ ਵੀ ਸ਼ੱਕੀ ਬੰਦਾ ਜਾਂ ਨਸ਼ਾ ਕਰਦਾ ਹੋਇਆ ਦਿਖਾਈ ਦੇਵੇ ਤਾਂ ਇਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੁਲੀਸ ਲੋਕਾਂ ਦੀ ਸ਼ਿਕਾਇਤ ’ਤੇ ਕਾਰਵਾਈ ਕਰੇਗੀ। ਉਨ੍ਹਾਂ ਲੋਕਾਂ ਨੂੰ ਸਾਈਬਰ ਕਰਾਈਮ ਬਾਰੇ ਵੀ ਦੱਸਿਆ ਤੇ ਪ੍ਰੇਰਿਤ ਕੀਤਾ ਕਿ ਜਦੋਂ ਵੀ ਸਾਈਬਰ ਕਰਾਈਮ ਨਾਲ ਸਬੰਧਿਤ ਕੋਈ ਮਾਮਲਾ ਸਾਹਮਣੇ ਆਵੇ ਤਾਂ ਉਸ ਦੀ ਸੂਚਨਾ 1930 ਨੰਬਰ ’ਤੇ ਦਿੱਤੀ ਜਾਵੇ।
ਲੋਕਾਂ ਵੱਲੋਂ ਪੁਲੀਸ ’ਤੇ ਖਾਨਾਪੂਰਤੀ ਕਰਨ ਦੇ ਦੋਸ਼
ਸ਼ਹਿਰ ਦੇ ਕੁਝ ਸਮਾਜ ਸੇਵੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਹੈ ਕਿ ਪੁਲੀਸ ਸਿਰਫ਼ ਖਾਨਾਪੂਰਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਪੁਲੀਸ ਸਖ਼ਤੀ ਕਰੇ ਤਾਂ ਸ਼ਹਿਰ ਵਿੱਚੋਂ ਨਸ਼ਿਆਂ ਦਾ ਸਫ਼ਾਇਆ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਡੀਕਲ ਖੇਤਰ ਦੇ ਕੁਝ ਲੋਕ ਸ਼ਰ੍ਹੇਆਮ ਸਰਿੰਜਾਂ ਵੇਚ ਰਹੇ ਹਨ।