ਜਗਤਾਰ ਸਮਾਲਸਰ
ਏਲਨਾਬਾਦ, 17 ਨਵੰਬਰ
ਇੱਥੋਂ ਦੇ ਪਿੰਡ ਪ੍ਰਤਾਪ ਨਗਰ ਨੇੜੇ ਦੀਪ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਹਿੰਮਤਪੁਰਾ ਦੇ ਖੇਤ ਵਿੱਚ ਬਣੀ ਇੱਕ ਪੁਰਾਣੀ ਇਮਾਰਤ ਵਿੱਚੋਂ ਅੱਜ ਕਰੀਬ 400 ਗੱਟੇ ਨਕਲੀ ਡੀਏਪੀ ਖਾਦ, ਐਫਕੋ ਅਤੇ ਉੱਤਮ ਡੀਏਪੀ ਦੇ ਨਕਲੀ ਮਾਰਕਾ ਵਾਲੇ ਸੈਂਕੜੇ ਖਾਲੀ ਗੱਟੇ ਪੁਲੀਸ ਨੇ ਬਰਾਮਦ ਕੀਤੇ ਹਨ। ਇਸ ਦਾ ਪਤਾ ਲੱਗਦਿਆਂ ਹੀ ਇਲਾਕੇ ਦੇ ਲੋਕ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਵੱਡੀ ਗਿਣਤੀ ਵਿੱਚ ਮੌਕੇ ’ਤੇ ਪਹੁੰਚੇ ਅਤੇ ਇਸ ਪੂਰੇ ਮਾਮਲੇ ’ਚ ਸ਼ਾਮਲ ਲੋਕਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਮੌਕੇ ’ਤੇ ਮੌਜੂਦ ਕਿਸਾਨ ਰਣਜੀਤ ਸਿੰਘ ਅੰਮ੍ਰਿਤਸਰ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਸੁਰਿੰਦਰ ਸਿੰਘ ਸਿੱਧੂ, ਪ੍ਰਕਾਸ਼ ਮੁਮੇਰਾ, ਸਰਬਜੀਤ ਸਿੰਘ ਸਿੱਧੂ, ਹੈਪੀ ਚੋਟੀਆ, ਜਗਮੀਤ ਰਾਜੇਵਾਲ ਆਦਿ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਕਿਸਾਨ ਰਣਜੀਤ ਸਿੰਘ ਜਦੋਂ ਇੱਥੋਂ ਲੰਘ ਰਿਹਾ ਸੀ ਤਾਂ ਇਸ ਇਮਾਰਤ ਵਿੱਚ ਨਕਲੀ ਖਾਦ ਦੇ ਗੱਟੇ ਉਤਾਰ ਕੇ ਇੱਕ ਗੱਡੀ ਵਾਪਸ ਜਾਂਦੀ ਵੇਖੀ। ਉਨ੍ਹਾਂ ਤੁਰੰਤ ਮੌਕੇ ’ਤੇ ਜਾ ਕੇ ਵੇਖਿਆ ਤਾਂ ਇਸ ਪੂਰੀ ਧੋਖਾਧੜੀ ਦਾ ਸੱਚ ਸਾਹਮਣੇ ਆਇਆ। ਇਸ ਖੰਡਰ ਬਣੀ ਇਮਾਰਤ ’ਚ ਨਕਲੀ ਡੀਏਪੀ ਖਾਦ ਚਿੱਟੇ ਰੰਗ ਦੇ ਗੱਟਿਆਂ ਵਿੱਚ ਲਿਆ ਕੇ ਇਸ ਨੂੰ ਇਫ਼ਕੋ ਅਤੇ ਉੱਤਮ ਡੀਏਪੀ ਦੇ ਨਕਲੀ ਗੱਟਿਆਂ ਵਿੱਚ ਭਰ ਕੇ ਅੱਗੇ ਸਪਲਾਈ ਕੀਤਾ ਜਾਂਦਾ ਸੀ। ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਰਾਧੇਸ਼ਿਆਮ ਸ਼ਰਮਾ, ਨਾਇਬ ਤਹਿਸੀਲਦਾਰ ਅਜੇ ਕੁਮਾਰ, ਖੇਤੀਬਾੜੀ ਵਿਭਾਗ ਦੇ ਐੱਸਡੀਓ ਸਤਬੀਰ ਸਿੰਘ, ਕੁਆਲਟੀ ਇੰਸਪੈਕਟਰ ਸੁਖਦੇਵ ਸਿੰਘ ਮੌਕੇ ’ਤੇ ਪਹੁੰਚੇ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਕਲੀ ਖਾਦ ਦੇ ਨਮੂਨੇ ਲੈਬ ਵਿੱਚ ਭੇਜੇ ਜਾਣਗੇ। ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਖਾਦ ਕਿਵੇਂ ਤਿਆਰ ਕੀਤੀ ਜਾ ਰਹੀ ਸੀ। ਖ਼ਬਰ ਲਿਖੇ ਜਾਣ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਬਰਾਮਦ ਕੀਤੇ ਗਏ ਗੱਟਿਆਂ ਨੂੰ ਸੀਲ ਕੀਤਾ ਜਾ ਰਿਹਾ ਸੀ। ਕਿਸਾਨਾਂ ਨੇ ਦੱਸਿਆ ਕਿ ਇਹ ਧੰਦਾ ਪਿਛਲੇ ਲੰਬੇ ਸਮੇ ਤੋਂ ਚੱਲ ਰਿਹਾ ਸੀ ਇਸ ਦੌਰਾਨ ਇਨ੍ਹਾਂ ਲੋਕਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਨਕਲੀ ਖਾਦ ਇਲਾਕੇ ’ਚ ਵੇਚੀ ਜਾ ਚੁੱਕੀ ਹੈ ਜਿਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਸ਼ਾਮਲ ਲੋਕਾਂ ਨੂੰ ਸਜ਼ਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਸੜਕ ਵੀ ਜਾਮ ਕੀਤੀ। ਕਿਸਾਨਾਂ ਨੇ ਪੁਲੀਸ ਨੂੰ ਦਿੱਤੀ ਲਿਖ਼ਤੀ ਸ਼ਿਕਾਇਤ ’ਚ ਦੱਸਿਆ ਕਿ ਰਾਣਾ ਸਿੰਘ, ਦੀਪ ਸਿੰਘ, ਸ਼ੰਟੀ ਛਾਬੜਾ ਅਤੇ ਪਰਮਜੀਤ ਸਿੰਘ ਆਦਿ ਲੋਕਾਂ ਦੀ ਮਿਲੀਭੁਗਤ ਨਾਲ ਇਹ ਨਕਲੀ ਡੀਏਪੀ ਅੱਗੇ ਸਪਲਾਈ ਕੀਤੀ ਜਾ ਰਹੀ ਸੀ। ਕਿਸਾਨਾਂ ਨੇ ਦੱਸਿਆ ਕਿ ਰਾਣਾ ਸਿੰਘ ਦੇ ਪਿਤਾ ਪਰਮਜੀਤ ਸਿੰਘ ਪ੍ਰਤਾਪ ਨਗਰ ’ਚ ਸੁਸਾਇਟੀ ਵਿੱਚ ਲੱਗੇ ਹੋਏ ਹਨ। ਥਾਣਾ ਮੁਖੀ ਨੇ ਦੱਸਿਆ ਕਿ ਕਿਸਾਨਾਂ ਨੇ ਜਿਨ੍ਹਾਂ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ।