ਪੱਤਰ ਪ੍ਰੇਰਕ
ਗੂਹਲਾ ਚੀਕਾ, 11 ਸਤੰਬਰ
ਹਰਿਆਣਾ ਦੀ ਸਪੈਸ਼ਲ ਟਾਸਕ ਫੋਰਸ ਕਈ ਸਿੱਖ ਆਗੂਆਂ ਦੇ ਘਰਾਂ ਵਿੱਚ ਜਾ ਕੇ ਜਾਂਚ ਪੜਤਾਲ ਦੇ ਨਾਮ ’ਤੇ ਦਹਿਸ਼ਤ ਦਾ ਮਹੌਲ ਪੈਦਾ ਕਰ ਰਹੀ ਹੈ। ਜਿਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੇ ਘਰ ਵੀ ਸ਼ਾਮਲ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਪੜਤਾਲ ਦੇ ਨਾਂ ’ਤੇ ਐੱਸਟੀਐੱਫ ਰਾਹੀਂ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਨਿੰਮਨਾਬਾਅਦ, ਗੁਰਚਰਨ ਸਿੰਘ ਚੀਮੋ ਤੇ ਸਤਪਾਲ ਸਿੰਘ ਰਾਮਗੜ੍ਹੀਆ ਦੋਵੇਂ ਕਾਰਜਕਰਨੀ ਮੈਂਬਰ ਹਰਿਆਣਾ ਕਮੇਟੀ, ਕਥਾਵਾਚਕ ਗਿਆਨੀ ਤੇਜਪਾਲ ਸਿੰਘ ਮੀਰਾਂਪੁਰ ਕੁਰੂਕਸ਼ੇਤਰ ਤੇ ਖਜ਼ਾਨ ਸਿੰਘ ਗੂਹਲਾ ਚੀਕਾ ਦੇ ਘਰਾਂ ਵਿੱਚ ਸਪੈਸ਼ਲ ਟਾਸਕ ਫੋਰਸ ਵੱਲੋਂ ਜਾ ਕੇ ਕਾਫ਼ੀ ਲੰਮੀ ਪੁੱਛ-ਪੜਤਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਕਈ ਸਿੱਖ ਨੌਜਵਾਨਾਂ ਦੀਆਂ ਲਿਸਟਾਂ ਲੈ ਕੇ ਐੱਸਟੀਐੱਫ ਘਰੋਂ-ਘਰੀ ਵਿੱਚ ਘੁੰਮ ਰਹੀ ਹੈ। ਜਥੇਦਾਰ ਨੇ ਕਿਹਾ ਕਿ ਹਰਿਆਣਾ ਸਰਕਾਰ ਸਪੈਸ਼ਲ ਟਾਸਕ ਫੋਰਸ ਨੂੰ ਇਸ ਕਾਰਵਾਈ ਤੋਂ ਤੁਰੰਤ ਰੋਕੇ। ਉਕਤ ਨੌਜਵਾਨਾਂ ਦੀ ਕਿਸੇ ਵੀ ਦੇਸ਼ ਵਿਰੋਧੀ ਕਾਰਵਾਈ ਵਿੱਚ ਹਿੱਸੇਦਾਰੀ ਨਹੀਂ ਹੈ। ਫਿਰ ਵੀ ਇਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦਾਦੂਵਾਲ ਨੇ ਐੱਸਟੀਐੱਫ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।