ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 27 ਜਨਵਰੀ
ਹਰਿਆਣਾ ਦੇ ਖੇਡ ਰਾਜ ਮੰਤਰੀ ਸੰਦੀਪ ਸਿੰਘ ਨੇ ਸੈਕਟਰ-12 ਸਥਿਤ ਹੈਲੀਪੈਡ ਗਰਾਊਂਡ ਵਿੱਚ ਜ਼ਿਲ੍ਹਾ ਪੱਧਰੀ 73ਵੇਂ ਗਣਤੰਤਰ ਦਿਵਸ ਸਮਾਗਮ ਵਿੱਚ ਕੌਮੀ ਝੰਡਾ ਲਹਿਰਾਇਆ। ਇਸ ਤੋਂ ਪਹਿਲਾਂ ਉਨ੍ਹਾਂ ਸ਼ਹੀਦੀ ਸਮਾਰਕ ’ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਖੇਡ ਮੰਤਰੀ ਸੰਦੀਪ ਸਿੰਘ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਪਰੇਡ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਉਨ੍ਹਾਂ ਰਾਸ਼ਟਰ ਦੇ ਨਾਂ ਸੰਦੇਸ਼ ਦਿੱਤਾ ਤੇ ਇਸ ਤੋਂ ਬਾਅਦ ਪਰੇਡ ਤੋਂ ਸਲਾਮੀ ਲਈ ਅਤੇ ਰਾਸ਼ਟਰੀ ਪ੍ਰੋਗਰਾਮਾਂ ਅਤੇ ਵੱਖ-ਵੱਖ ਵਿਭਾਗਾਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਕੱਢੀਆਂ ਗਈਆਂ ਝਾਕੀਆਂ ਦੇਖੀਆਂ। ਇਸ ਮੌਕੇ ਮੰਚ ਸੰਚਾਲਨ ਡੀਈਪੀਆਰਓ ਰਾਕੇਸ਼ ਗੌਤਮ ਨੇ ਕੀਤਾ। ਗਣਤੰਤਰ ਦਿਵਸ ਸਮਾਗਮ ਵਿੱਚ ਜ਼ਿਲ੍ਹਾ ਫਰੀਦਾਬਾਦ ਵਿੱਚ ਵਧੀਆ ਕੰਮ ਕਰਨ ਵਾਲੇ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੁੱਖ ਮਹਿਮਾਨ ਖੇਡ ਰਾਜ ਮੰਤਰੀ ਸੰਦੀਪ ਸਿੰਘ ਨੇ ਵਿਦਿਆਰਥੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ 73ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਬਿਹਤਰ ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਲਈ 2,00,000 ਰੁਪਏ ਦੇਣ ਦਾ ਐਲਾਨ ਕੀਤਾ। ਇਸੇ ਲੜੀ ਤਹਿਤ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਰਿਤੂ ਚੌਧਰੀ ਨੇ 15000 ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ। ਗਲੋਬਲ ਮਹਾਮਾਰੀ ਕੋਵਿਡ ਦੀ ਤੀਜੀ ਲਹਿਰ ਦੇ ਮੱਦੇਨਜ਼ਰ, ਸੱਭਿਆਚਾਰਕ ਪ੍ਰੋਗਰਾਮਾਂ ਨੇ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਪ੍ਰਭਾਵਿਤ ਕੀਤਾ ਹੈ।
ਓਮ ਪ੍ਰਕਾਸ਼ ਗਾਂਧੀ ਨੂੰ ਪਦਮਸ਼੍ਰੀ ਐਵਾਰਡ ਮਿਲਣ ’ਤੇ ਸਪੀਕਰ ਵੱਲੋਂ ਵਧਾਈ
ਯਮੁਨਾਨਗਰ: ਯਮੁਨਾਨਗਰ ਦੇ ਓਮ ਪ੍ਰਕਾਸ਼ ਗਾਂਧੀ ਨੂੰ ਕੇਂਦਰ ਸਰਕਾਰ ਵੱਲੋਂ ਪਦਮਸ਼੍ਰੀ ਐਵਾਰਡ ਦੇਣ ਦਾ ਐਲਾਨ ਕੀਤੇ ਜਾਣ ’ਤੇ ਨਗਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਅਤੇ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਓਮ ਪ੍ਰਕਾਸ਼ ਗਾਂਧੀ ਦੇ ਨਿਵਾਸ ਸਥਾਨ ’ਤੇ ਜਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਯਮੁਨਾਨਗਰ ਦੇ ਸਮਾਜ ਸੇਵੀ ਓਮ ਪ੍ਰਕਾਸ਼ ਗਾਂਧੀ ਨੂੰ ਪਦਮਸ਼੍ਰੀ ਐਵਾਰਡ ਨਾਲ ਨਿਵਾਜਿਆ ਜਾਣਾ ਹਰਿਆਣਾ ਲਈ ਮਾਣ ਵਾਲੀ ਗੱਲ ਹੈ। ਸ੍ਰੀ ਗਾਂਧੀ ਨੇ ਕੇਂਦਰ ਸਰਕਾਰ, ਪ੍ਰਦੇਸ਼ ਸਰਕਾਰ ਅਤੇ ਹਰਿਆਣਾ ਵਾਸੀਆਂ ਦਾ ਸਹਿਯੋਗ ਕਰਨ ਅਤੇ ਮਾਣ ਵਧਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਭਾਜਪਾ ਨੇਤਾ ਨਿਸ਼ਚਲ ਚੌਧਰੀ, ਯੁਵਾ ਨੇਤਾ ਸ਼ਕਤੀ ਜੈਲਦਾਰ, ਵਕੀਲ ਮਨੀਰਾਮ ਪੋਸਵਾਲ, ਪ੍ਰਬੰਧਕ ਪਵਨ ਬਟਾਰ, ਉਮੇਸ਼ ਪੋਸਵਾਲ ਮੌਜੂਦ ਸਨ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਸ੍ਰੀ ਗਾਂਧੀ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ