ਪੱਤਰ ਪ੍ਰੇਰਕ
ਏਲਨਾਬਾਦ, 9 ਅਗਸਤ
ਏਲਨਾਬਾਦ ਖੇਤਰ ਵਿੱਚ ਅੱਜ ਦੁਪਹਿਰ ਬਾਅਦ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਨਰਮੇ, ਕਪਾਹ ਦੀਆਂ ਫ਼ਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ ਹਨ, ਉੱਥੇ ਹੀ ਸ਼ਹਿਰ ਦੇ ਮੁੱਖ ਬਾਜ਼ਾਰ ਸਹਿਤ ਨੀਂਵੇ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਰੀਬ ਦੋ ਘੰਟੇ ਤੱਕ ਹੋਈ ਮੋਹਲੇਧਾਰ ਬਰਸਾਤ ਕਾਰਨ ਸ਼ਹਿਰ ਦਾ ਮੁੱਖ ਬਾਜ਼ਾਰ ਝੀਲ ਦਾ ਰੂਪ ਧਾਰਨ ਕਰ ਗਿਆ ਅਤੇ ਗੱਡੀਆਂ, ਮੋਟਰਸਾਈਕਲ ਆਦਿ ਪਾਣੀ ਵਿੱਚ ਹੀ ਬੰਦ ਹੋ ਗਏ। ਦੁਕਾਨਾਂ ਦੇ ਅੰਦਰ ਪਾਣੀ ਭਰਨ ਨਾਲ ਦੁਕਾਨਦਾਰਾਂ ਦਾ ਆਰਥਿਕ ਨੁਕਸਾਨ ਵੀ ਹੋ ਗਿਆ। ਹਨੂੰਮਾਨਗੜ੍ਹ ਰੋਡ ਸਥਿਤ ਅੰਡਰ ਬਰਿੱਜ ਵਿੱਚ ਪਾਣੀ ਭਰਨ ਕਾਰਨ ਵਾਹਨਾਂ ਦੀ ਲਾਈਨ ਲੱਗ ਗਈ। ਟਿੱਬੀ ਬੱਸ ਸਟੈਂਡ, ਪੁਰਾਣੇ ਬੀਡੀਪੀਓ ਦਫ਼ਤਰ ਅਤੇ ਮੁਮੇਰਾ ਰੋਡ ’ਤੇ ਪਾਣੀ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਜਿਸ ਕਾਰਨ ਸਕੂਲ ਦੇ ਬੱਚਿਆਂ ਨੂੰ ਭਾਰੀ ਪਰੇਸ਼ਾਨੀ ਹੋਈ। ਹਲਕੇ ਦੇ ਪਿੰਡਾਂ ਵਿੱਚ ਵੀ ਭਾਰੀ ਬਰਸਾਤ ਹੋਈ ਹੈ ਜਿਸ ਨਾਲ ਨਰਮੇ, ਕਪਾਹ ਦੀਆਂ ਫ਼ਸਲਾਂ ਵਿੱਚ ਪਾਣੀ ਭਰ ਗਿਆ। ਕਿਸਾਨਾਂ ਸੁਮਿਤ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਨਰਮੇ-ਕਪਾਹ ਦੇ ਜਿਨ੍ਹਾਂ ਖੇਤਾਂ ਵਿੱਚ ਬਰਸਾਤੀ ਪਾਣੀ ਭਰ ਗਿਆ ਹੈ ਉੱਥੇ ਫ਼ਸਲ ਦੇ ਬੁਰੀ ਤਰ੍ਹਾਂ ਖਰਾਬ ਹੋਣ ਦੀ ਸੰਭਾਵਨਾ ਬਣ ਗਈ ਹੈ।