ਹਰਜੀਤ ਸਿੰਘ
ਜ਼ੀਰਕਪੁਰ, 28 ਫਰਵਰੀ
ਕਿਸ਼ਨਪੁਰਾ ਇਲਾਕੇ ਵਿੱਚ ਕੁਝ ਸੁਸਾਇਟੀਆਂ ਨਾਜਾਇਜ਼ ਤੌਰ ’ਤੇ ਸੜਕਾਂ ’ਤੇ ਦੂਸ਼ਿਤ ਪਾਣੀ ਛੱਡ ਰਹੀਆਂ ਹਨ ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਕਿਸ਼ਨਪੁਰਾ ਖੇਤਰ ’ਚ ਮੁੱਖ ਸੜਕ ’ਤੇ ਸਥਿਤ ਤਕਰੀਬਨ ਅੱਧਾ ਦਰਜਨ ਸੁਸਾਇਟੀਆਂ ਦੂਸ਼ਿਤ ਪਾਣੀ ਸੜਕ ’ਤੇ ਛੱਡ ਦਿੰਦੀਆਂ ਹਨ। ਹਰ ਵੇਲੇ ਪਾਣੀ ਵਗਣ ਕਾਰਨ ਸੜਕਾਂ ’ਤੇ ਟੋਏ ਪੈ ਗਏ ਹਨ ਜਿਸ ਕਾਰਨ ਇੱਥੇ ਹਰ ਵੇਲੇ ਹਾਦਸਿਆਂ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਸੜਕ ’ਤੇ ਸਥਿਤ ਬਿਲਡਰਾਂ ਵੱਲੋਂ ਨਾਜਾਇਜ਼ ਛੱਡੇ ਜਾ ਰਹੇ ਦੂਸ਼ਿਤ ਪਾਣੀ ਸਬੰਧੀ ਲੋਕਾਂ ਵੱਲੋਂ ਕਈ ਵਾਰ ਸ਼ਿਕਾਇਤ ਕਰਨ ’ਤੇ ਕੌਂਸਲ ਅਧਿਕਾਰੀਆਂ ਵੱਲੋਂ ਢਕੋਲੀ ਪੁਲੀਸ ਨੂੰ ਕਾਰਵਾਈ ਕਰਨ ਲਈ ਲਿਖਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਨੇ ਕਿਹਾ ਕਿ ਨਿਯਮ ਮੁਤਾਬਕ ਸੁਸਾਇਟੀਆਂ ਦੂਸ਼ਿਤ ਪਾਣੀ ਬਾਹਰ ਨਹੀਂ ਸੁੱਟ ਸਕਦੀਆਂ ਪਰ ਬਿਲਡਰ ਨਿਯਮਾਂ ਦੀ ਪਰਵਾਹ ਨਹੀਂ ਕਰ ਰਹੇ।
ਨਿਯਮ ਤੋੜਨ ਵਾਲੇ ਬਿਲਡਰਾਂ ’ਤੇ ਕਾਰਵਾਈ ਹੋਵੇਗੀ: ਜੇਈ
ਨਗਰ ਕੌਂਸਲ ਦੇ ਜੇਈ ਕੁਲਵੰਤ ਸਿੰਘ ਨੇ ਦੱਸਿਆ ਕਿ ਸੁਸਾਇਟੀ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰਨ ਤੋਂ ਇਲਾਵਾ ਪੁਲੀਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਬਿਲਡਰਾਂ ਨੂੰ ਕਿਸੇ ਕੀਮਤ ’ਤੇ ਵੀ ਬਖ਼ਸ਼ਿਆ ਨਹੀਂ ਜਾਵੇਗਾ।