ਪ੍ਰਭੂ ਦਿਆਲ
ਸਿਰਸਾ, 29 ਅਕਤੂਬਰ
ਸੀਬੀਐੱਸਈ ਵੱਲੋਂ ਪੰਜਾਬੀ ਨੂੰ ਮੁੱਖ ਵਿਸ਼ੇ ਵਿਚੋਂ ਕੱਢਕੇ ਉਪ ਵਿਸ਼ੇ ਵਿਚ ਪਾਉਣ ਦੇ ਵਿਰੋਧ ਵਿੱਚ ਵੱਖ-ਵੱਖ ਸਾਹਿਤਕ ਤੇ ਅਧਿਆਪਕ ਜਥੇਬੰਦੀਆਂ ਵੱਲੋਂ ਇਥੇ ਮਿੰਨੀ ਸਕੱਤਰੇਤ ਦੇ ਬਾਹਰ ਅਧਿਆਪਕਾਂ, ਲੇਖਕਾਂ ਤੇ ਬੁੱਧੀਜੀਵੀਆਂ ਨੇ ਧਰਨਾ ਦਿੱਤਾ ਅਤੇ ਧਰਨੇ ਉਪਰੰਤ ਦੇੇਸ਼ ਦੇ ਪ੍ਰਧਾਨ ਮੰਤਰੀ ਤੇ ਸਿੱਖਿਆ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ। ਧਰਨੇ ਦੀ ਅਗਵਾਈ ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਦੇ ਜਰਨਲ ਸੱਕਤਰ ਸੁਰਿੰਦਰ ਪਾਲ ਸਿੰਘ, ਪੰਜਾਬੀ ਭਾਸ਼ਾ ਕਲਿਆਣ ਮੰਚ ਦੇ ਪ੍ਰੈਸ ਸੱਕਤਰ ਡਾ. ਸਿਕੰਦਰ ਸਿੰਘ ਸਿੱਧੂ ਅਤੇ ਬੁੱਧੀਜੀਵੀ ਵਰਗ ਦੇ ਪੰਜਾਬੀ ਅਧਿਆਪਕ ਬੂਟਾ ਸਿੰਘ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਗਈ।
ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦੇ ਰਹੇ ਅਧਿਆਪਕਾਂ, ਲੇਖਕਾਂ, ਬੁੱਧੀਜੀਵੀਆਂ, ਵਿਦਿਆਰਥੀਆਂ ਨੂੰ ਬੁਲਾਰਿਆਂ ਨੇ ਕਿਹਾ ਕਿ ਸੀਬੀਐੱਸਈ ਵਲੋਂ 10ਵੀਂ ਅਤੇ 12ਵੀਂ ਦੀ ਡੇਟ ਸ਼ੀਟ ਵਿਚ ਜਾਰੀ ਕੀਤੇ ਹੁਕਮਾਂ ਅਨੁਸਾਰ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ਵਿਚੋਂ ਬਾਹਰ ਕੱਢਣਾ ਪੰਜਾਬੀ ਨੂੰ ਦੇਸ਼ ਵਿਚੋਂ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਹਨ। ਇਨ੍ਹਾਂ ਸੰਗਠਨਾਂ ਨੇ ਕੇਂਦਰੀ ਬੋਰਡ ਨੂੰ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਉੱਘੇ ਸਾਹਿਤਕਾਰ ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਹਰ ਖੇਤਰੀ ਭਾਸ਼ਾ ਨੂੰ ਉਸ ਦਾ ਬਣਦਾ ਮਾਣ ਮਿਲਣਾ ਚਾਹੀਦਾ ਹੈ। ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਦੇ ਜਰਨਲ ਸੱਕਤਰ ਮਾ. ਸੁਰਿੰਦਰ ਪਾਲ ਸਿੰਘ ਅਤੇ ਪੰਜਾਬੀ ਭਾਸ਼ਾ ਕਲਿਆਣ ਮੰਚ ਦੇ ਪ੍ਰੈੱਸ ਸੱਕਤਰ ਡਾ. ਸਿਕੰਦਰ ਸਿੰਘ ਸਿੱਧੂ ਅਤੇ ਬੁੱਧੀਜੀਵੀ ਵਰਗ ਨਾਲ ਸਬੰਧਤ ਅਧਿਆਪਕ ਬੂਟਾ ਸਿੰਘ ਡਾ. ਹਰਵਿੰਦਰ ਸਿੰਘ ਸਿਰਸਾ ਡਾ. ਅਮਨਦੀਪ, ਡਾ. ਗੁਰਪ੍ਰੀਤ ਸਿੰਧਰਾ, ਗੁਰਸਾਹਿਬ ਸਿੰਘ, ਬੀਬਾ ਸੰਦੀਪ ਕੌਰ, ਗੁਰਮੀਤ ਕੌਰ ਬਿਕਰਜੀਤ ਸਿੰਘ ਸਾਧੂਵਾਲਾ, ਦਵਿੰਦਰ ਰਾਣੀਆਂ, ਜਗਰੂਪ ਚੌਬੁਰਜਾ ਅਤੇ ਕਲਾਕਾਰ ਕੁਲਦੀਪ ਸਿੰਘ ਅਤੇ ਜਸਵੀਰ ਸਿੰਘ ਨੇ ਕਿਹਾ ਕਿ ਸੀਬੀਐੱਸਈ ਵਲੋਂ ਡੂੰਘੀ ਸਾਜ਼ਿਸ਼ ਅਧੀਨ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਮਾਈਨਰ ਵਿਸ਼ਿਆਂ ਵਿਚ ਸ਼ਾਮਲ ਕਰਨ ਦੇ ਫੈਸਲੇ ਨੂੰ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਨੂੰ ਆਪਣੀ ਮਾਤ ਭਾਸ਼ਾ ਤੋਂ ਦੂਰ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ। ਆਗੂਆਂ ਨੇ ਕਿਹਾ ਕਿ ਹਰਿਆਣਾ ਦੇ ਭਾਜਪਾ ਰਾਜ ਵਿਚ ਵੀ ਪੰਜਾਬੀ ਨੂੰ ਸਿਰਫ ਕਾਗਜ਼ੀ ਦਰਜਾ ਹੀ ਪ੍ਰਾਪਤ ਹੈ ਪਰ ਹਕੀਕਤ ਵਿਚ ਅਨੇਕਾਂ ਸਰਕਾਰਾਂ ਬਦਲਣ ਅਤੇ ਅਨੇਕਾਂ ਵਾਅਦੇ ਕਰਨ ਤੇ ਵੀ ਪੰਜਾਬੀ ਨੂੰ ਹਰਿਆਣਾ ਵਿਚ ਦਫਤਰੀ ਭਾਸ਼ਾ ਦਾ ਦਰਜਾ ਨਹੀਂ ਦਿੱਤਾ ਗਿਆ। ਇਸ ਸਬੰਧੀ ਪੰਜਾਬੀ ਅਧਿਆਪਕ ਕੁਲਦੀਪ ਸਿੰਘ ਅਤੇ ਅਜਾਇਬ ਸਿੰਘ ਜਲਾਲਾਣਾ ਨੇ ਕਿਹਾ ਕਿ ਦੇਸ਼ ਵਿਚ ਪੰਜਾਬ ਹਰਿਆਣਾ ਅਤੇ ਦਿੱਲੀ ਸਮੇਤ ਦੇਸ਼ ਵਿਚ ਹੋਰ ਸੂਬਿਆਂ ਦੀ ਮਾਤ ਭਾਸ਼ਾ ਪੰਜਾਬੀ ਹੈ, ਜਿਸ ਕਰਕੇ ਪੰਜਾਬੀ ਨੂੰ ਮੁੱਖ ਵਿਸ਼ੇ ’ਚ ਰੱਖਣਾ ਚਾਹੀਦਾ ਹੈ। ਮਾ. ਬੂਟਾ ਸਿੰਘ ਨੇ ਕਿਹਾ ਕਿ ਭਾਜਪਾ ਇਕ ਦੇਸ਼ ਇਕ ਪਾਰਟੀ ਇਕ ਭਾਸ਼ਾ ਅਤੇ ਇਕ ਕੌਮ ਦੇ ਖਤਰਨਾਕ ਏਜੰਡੇ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਹੈ। ਇਸ ਮੌਕੇ ਅਧਿਆਪਕ ਰਛਪਾਲ ਸਿੰਘ ਖੱਟੜਾ,ਗੁਰਪੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਮਹਿਲਾ ਅਧਿਆਪਕ ਸ਼ਾਮਲ ਸਨ।