ਪ੍ਰਭੂ ਦਿਆਲ
ਸਿਰਸਾ, 10 ਮਈ
ਯੂਨੀਵਰਸਿਟੀਆਂ ਦੀ ਗਰਾਂਟ ਬੰਦ ਕਰਕੇ ਕਰਜ਼ਾ ਦਿੱਤੇ ਜਾਣ ਦੇ ਵਿਰੋਧ ’ਚ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰਾਜਪਾਲ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਮਿੰਨੀ ਸਕੱਤਰੇਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਆਏ ਸੀਡੀਐੱਲਯੂ ਦੇ ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰ ਯੂਨੀਵਰਸਿਟੀਆਂ ਦੀ ਗਰਾਂਟ ਬੰਦ ਕਰਕੇ ਕਰਜ਼ਾ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਰਜ਼ੇ ਨਾਲ ਯੂਨੀਵਰਸਿਟੀਆਂ ਨਹੀਂ ਚਲ ਸਕਣਗੀਆਂ। ਯੂਨੀਵਰਸਿਟੀਆਂ ਦੀ ਗਰਾਂਟ ਬੰਦ ਕੀਤੇ ਜਾਣ ਦਾ ਅਸਰ ਸਿੱਧਾ ਵਿਦਿਆਰਥੀਆਂ ’ਤੇ ਪਵੇਗਾ। ਯੂਨੀਵਰਸਿਟੀਆਂ ਵੱਲੋਂ ਆਪਣਾ ਦਾਖ਼ਲਾ ਤੇ ਫੀਸਾਂ ਵਧਾਈਆਂ ਜਾਣਗੀਆਂ। ਗਰੀਬ ਵਿਦਿਆਰਥੀ ਯੂਨੀਵਰਸਿਟੀਆਂ ’ਚ ਆਪਣੀ ਪੜ੍ਹਾਈ ਨਹੀਂ ਕਰ ਸਕਣਗੇ। ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਯੂਨੀਵਰਸਿਟੀਆਂ ਨੂੰ ਕਰਜ਼ੇ ਦੀ ਬਜਾਏ ਸਰਕਾਰ ਗਰਾਂਟ ਦੇਵੇ ਤਾਂ ਜੋ ਯੂਨੀਵਰਸਿਟੀਆਂ ’ਚ ਜ਼ਿਆਦਾ ਸੋਧ ਦੇ ਕਾਰਜ ਹੋ ਸਕਣ। ਇਸ ਮੌਕੇ ’ਤੇ ਕਈ ਵਿਦਿਆਰਥਣਾਂ ਤੇ ਵਿਦਿਆਰਥੀ ਮੌਜੂਦ ਸਨ।