ਪ੍ਰਭੂ ਦਿਆਲ
ਸਿਰਸਾ, 21 ਜੁਲਾਈ
ਆਸ਼ਾ ਵਰਕਰਾਂ ਨੇ ਆਪਣੀਆਂ ਮੰਗਾਂ ਲਈ ਇਥੇ ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਦੇ ਨਾਂ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ। ਮਿੰਨੀ ਸਕੱਤਰੇਤ ਦੇ ਮੁੱਖ ਗੇਟ ’ਤੇ ਪ੍ਰਦਰਸ਼ਨਕਾਰੀਆਂ ਨੂੰ ਆਸ਼ਾ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਦਰਸ਼ਨਾ, ਸਕੱਤਰ ਪਿੰਕੀ, ਮੀਤ ਪ੍ਰਧਾਨ ਸੰਜਨਾ ਨੇ ਕਿਹਾ ਕਿ ਸਰਕਾਰ ਆਸ਼ਾ ਵਰਕਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ, ਜਦੋਂਕਿ ਆਸ਼ਾ ਵਰਕਰਾਂ ਦੇ ਕੰਮ ਨੂੰ ਵੇਖਦਿਆਂ ਵਿਸ਼ਵ ਸਿਹਤ ਸੰਗਠਨ ਵੱਲੋਂ ਗਲੋਬਲ ਹੈਲਥ ਲੀਡਰਸ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਉਨ੍ਹਾਂ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ ਹੈਲਥ ਵਰਕਰ ਦਾ ਦਰਜਾ ਦਿੱਤਾ ਜਾਏ ਤੇ ਹਰਿਆਣਾ ਸਰਕਾਰ ਵੱਲੋਂ ਘੱਟੋ ਘੱਟ ਤੈਅ ਕੀਤਾ ਵੇਤਨ ਦਿੱਤਾ ਜਾਏ ਅਤੇ ਉਸ ਨੂੰ ਮਹਿੰਗਾਈ ਭੱਤੇ ਨਾਲ ਜੋੜਿਆ ਜਾਏ। ਆਸ਼ਾ ਵਰਕਰਾਂ ਨੂੰ ਕਰਮਚਾਰੀਆਂ ਦੀ ਤਰਾਂ ਸੇਵਾ ਮੁਕਤ ਲਾਭ ਦਿੱਤੇ ਜਾਣ ਅਤੇ ਸੇਵਾ ਮੁਕਤ ਦੀ ਉਮਰ 65 ਸਾਲ ਕੀਤੀ ਜਾਏ। ਆਸ਼ਾ ਵਰਕਰਾਂ ਤੋਂ ਆਨਲਾਈਨ ਕੰਮ ਨਾ ਲਏ ਜਾਣ। ਮੁੱਖ ਮੰਤਰੀ ਵੱਲੋਂ ਆਸ਼ਾ ਵਰਕਰਾਂ ਦੀਆਂ ਮੰਨੀਆਂ ਮੰਗਾਂ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਜਾਏ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਆਸ਼ਾ ਵਰਕਰ ਮੌਜੂਦ ਸਨ।