ਪ੍ਰਭੂ ਦਿਆਲ
ਸਿਰਸਾ, 14 ਜੁਲਾਈ
ਇਥੋਂ ਦੇ ਬਰਨਾਲਾ ਰੋਡ ਸਥਿਤ ਬਿਜਲੀ ਘਰ ਅੱਗੇ ਬਿਜਲੀ ਨਿਗਮ ’ਚ ਠੇਕੇ ’ਤੇ ਲੱਗੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਲਈ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਆਗੂ ਜਸਵੰਤ ਸਿੰਘ ਨੇ ਕਿਹਾ ਕਿ ਬਿਜਲੀ ਨਿਗਮ ਦੇ ਅਧਿਕਾਰੀ ਤੇ ਸਰਕਾਰ ਠੇਕੇ ’ਤੇ ਲੱਗੇ ਕਰਮਚਾਰੀਆਂ ਨੂੰ ਅਣਗੌਲਿਆਂ ਕਰ ਰਹੀ ਹੈ। ਕਰਮਚਾਰੀ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਠੇਕੇ ’ਤੇ ਲੱਗੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਏ, ਤਜਰਬੇ ਦੇ ਆਧਾਰ ’ਤੇ ਤਨਖਾਹ ’ਚ ਵਾਧਾ ਕੀਤਾ ਜਾਏ ਤੇ ਬਕਾਇਆ ਏਰੀਅਰ ਦਾ ਤੁਰੰਤ ਭੁਗਤਾਨ ਕੀਤਾ ਜਾਏ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ’ਤੇ ਪ੍ਰਹਿਲਾਦ, ਜਸਦੀਪ, ਹਰਮੀਤ ਸਿੰਘ, ਪਵਨ ਕੁਮਾਰ, ਸੁਰਿੰਦਰ, ਸੁਖਵਿੰਦਰ, ਰਾਹੁਲ ਤੇ ਜੈਪਾਲ ਸਮੇਤ ਕਈ ਮੁਲਾਜ਼ਮ ਮੌਜੂਦ ਸਨ।