ਪ੍ਰਭੂ ਦਿਆਲ
ਸਿਰਸਾ, 29 ਦਸੰਬਰ
ਕੋਵਿਡ ਵੈਕਸੀਨ ਨਾ ਲੁਆਉਣ ਵਾਲੇ ਲੋਕਾਂ ਦੇ ਪ੍ਰਤੀ ਸਰਕਾਰ ਨੇ ਸਖ਼ਤਾਈ ਸ਼ੁਰੂ ਕਰ ਦਿੱਤੀ ਹੈ। ਜਿਹੜੇ ਲੋਕਾਂ ਨੇ ਹਾਲੇ ਤੱਕ ਕੋਵਿਡ-19 ਦੀ ਵੈਕਸੀਨ ਨਹੀਂ ਲੁਆਈ ਹੈ, ਉਨ੍ਹਾਂ ਨੂੰ ਪੈਟਰੋਲ ਪੰਪਾਂ ਤੋਂ ਤੇਲ ਨਾ ਦੇਣ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਸਿਰਸਾ ਦੇ ਐੱਸਡੀਐੱਮ ਜੈਵੀਰ ਯਾਦਵ ਨੇ ਡੱਬਵਾਲੀ ਰੋਡ ਸਥਿਤ ਸ਼ਰਮਾ ਪੈਟਰੋਲ ਪੰਪ ’ਤੇ ਪਹੁੰਚ ਕੇ ਲੋਕਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਜੇ ਵੈਕਸੀਨ ਨਾ ਲੁਆਈ ਤਾਂ ਨਾ ਤਾਂ ਉਨ੍ਹਾਂ ਨੂੰ ਕਿਸੇ ਪੈਟਰੋਲ ਪੰਪ ਤੋਂ ਤੇਲ ਮਿਲੇਗਾ ਤੇ ਨਾ ਹੀ ਉਹ ਕਿਸੇ ਜਨਤਕ ਥਾਂ ’ਤੇ ਜਾ ਸਕਣਗੇ। ਇਸ ਦੌਰਾਨ ਲਾਏ ਗਏ ਕੈਂਪ ’ਚ ਕਰੀਬ ਦੋ ਸੌ ਤੋਂ ਜ਼ਿਆਦਾ ਲੋਕਾਂ ਨੇ ਕਰੋਨਾ ਵੈਕਸੀਨ ਲੁਆਈ। ਐੱਸਡੀਐੱਮ ਨੇ ਦੱਸਿਆ ਕਿ 31 ਦਸੰਬਰ ਤੱਕ ਸਭ ਨੂੰ ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਾਏ ਜਾਣ ਦੀ ਟੀਚਾ ਮਿਥਿਆ ਗਿਆ ਹੈ ਤੇ ਇਸ ਟੀਚੇ ਨੂੰ ਹਰ ਹਾਲਤ ’ਚ ਪੂਰਾ ਕਰਨਾ ਹੈ।