ਪ੍ਰਭੂ ਦਿਆਲ
ਸਿਰਸਾ, 29 ਅਪਰੈਲ
ਕਰੋਨਾ ਦੇ ਵੱਧ ਰਹੇ ਕੇਸਾਂ ਤੇ ਤਾਲਾਬੰਦੀ ਲਾਏ ਜਾਣ ਦੇ ਡਰੋਂ ਪਰਵਾਸੀ ਮਜ਼ਦੂਰਾਂ ਦਾ ਆਪਣੇ ਪਿੱਤਰੀ ਸੂਬਿਆਂ ਵੱਲ ਜਾਣ ਦਾ ਸਿਲਸਿਲਾ ਜਾਰੀ ਹੈ। ਪਿੱਤਰੀ ਸੂਬਿਆਂ ਵੱਲ ਜਾਣ ਲਈ ਮਜ਼ਦੂਰ ਪ੍ਰਾਈਵੇਟ ਬੱਸਾਂ ਦੇ ਹੋਰ ਨਿੱਜੀ ਵਾਹਨਾਂ ਦਾ ਸਹਾਰਾ ਲੈ ਰਹੇ ਹਨ, ਜਿਥੇ ਉਨ੍ਹਾਂ ਤੋਂ ਕਥਿਤ ਤੌਰ ’ਤੇ ਦੋ ਗੁਣਾਂ ਤੋਂ ਵੀ ਜ਼ਿਆਦਾ ਕਿਰਾਇਆ ਵਸੂਲਿਆ ਜਾ ਰਿਹਾ ਹੈ ਤੇ ਉਥੇ ਕੋਵਿਡ-19 ਤੋਂ ਬਚਾਅ ਲਈ ਬਣਾਏ ਗਏ ਨੇਮਾਂ ਦੀ ਪਾਲਣਾ ਵੀ ਨਹੀਂ ਕੀਤੀ ਜਾ ਰਹੀ। ਸਿਰਸਾ ਤੋਂ ਆਪਣੇ ਪਿੱਤਰੀ ਸੂਬਿਆਂ ਵੱਲ ਜਾਣ ਵਾਲੇ ਮਜ਼ਦੂਰਾਂ ਨੇ ਦੱਸਿਆ ਹੈ ਕਿ ਕਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਉਨ੍ਹਾਂ ਦਾ ਕੰਮ-ਧੰਦਾ ਬੰਦ ਹੋ ਗਿਆ ਹੈ। ਕੰਮ ਨਾ ਮਿਲਣ ਕਾਰਨ ਜਿਹੜੇ ਪੈਸੇ ਪਹਿਲਾਂ ਕਮਾਏ ਸਨ, ਉਹ ਵੀ ਖ਼ਰਚ ਹੋ ਰਹੇ ਹਨ। ਕਿਰਾਏ ’ਤੇ ਲਏ ਗਏ ਮਕਾਨ ਮਾਲਕਾਂ ਵੱਲੋਂ ਘਰ ਖਾਲੀ ਕਰਵਾਏ ਜਾ ਰਹੇ ਹਨ। ਦਿੱਲੀ ਪੁਲ ਤੋਂ ਟਰੱਕ ਦੇ ਜਰੀਏ ਆਪਣੇ ਪਿੱਤਰੀ ਘਰਾਂ ਨੂੰ ਜਾਣ ਵਾਲੇ ਮਜ਼ਦੂਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਬੱਸ ਨਹੀਂ ਮਿਲੀ, ਜਿਸ ਕਰਕੇ ਉਸ ਕੁਝ ਦੂਰੀ ਪੈਦਲ ਦਿੱਲੀ ਪੁਲ ’ਤੇ ਪਹੁੰਚੇ ਤੇ ਇਥੋਂ ਟਰੱਕ, ਜਿਸ ਵਿੱਚ ਉੱਤਰ ਪ੍ਰਦੇਸ਼ ਦਾ ਸਾਮਾਨ ਲੱਦਿਆ ਹੋਇਆ ਸੀ, ’ਤੇ ਚੜ੍ਹ ਕੇ ਆਪਣੇ ਘਰ ਜਾ ਰਹੇ ਹਨ। ਮਜ਼ਦੂਰਾਂ ਨੇ ਦੱਸਿਆ ਕਿ ਵਾਹਨ ਸੰਚਾਲਕਾਂ ਵੱਲੋਂ ਉਨ੍ਹਾਂ ਤੋਂ ਜ਼ਿਆਦਾ ਕਿਰਾਇਆ ਵਸੂਲਿਆ ਜਾ ਰਿਹਾ ਹੈ।